Punjabi Likari Forums
Sat Sri Akal

ਹੇਮਕੁੰਟ ਦਾ ਕਿਸੇ ਵੀ ਤਰ੍ਹਾਂ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ

Go down

Announcement ਹੇਮਕੁੰਟ ਦਾ ਕਿਸੇ ਵੀ ਤਰ੍ਹਾਂ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ

Post by preety kaur on Sun Jul 08, 2012 11:53 am

ਹੇਮਕੁੰਟ ਦਾ ਕਿਸੇ ਵੀ ਤਰ੍ਹਾਂ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ
ਅਤੇ ਨਾ ਹੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਅਨੂਕੂਲ ਹੈ
ਜੇ ਗੁਰੂ ਸ਼ਰਨ ’ਚ ਆਉਣ ਤੋਂ ਪਹਿਲਾਂ (ਗੁਰੂ) ਅੰਗਦ ਦੇਵ ਜੀ ਤੇ (ਗੁਰੂ) ਅਮਰਦਾਸ ਜੀ ਵੱਲੋਂ ਕੀਤੇ ਕੰਮਾਂ ਨਾਲ ਸਾਡਾ ਕੋਈ ਸਬੰਧ ਨਹੀਂ ਤਾਂ ਪਿਛਲੇ ਜਨਮ ’ਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੇਮਕੁੰਟ ਵਿਖੇ ਤਪ ਸਾਧਨ ਨਾਲ ਵੀ ਸਾਡਾ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਅਨੂਕੂਲ ਹੈ।
ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਿੱਖੀ ਪ੍ਰਚਾਰ ਲਹਿਰ ਹੇਠ 5 ਜੂਨ ਨੂੰ ਮਹਾਂਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਸੰਗਤ ਵੱਲੋਂ ਕੀਤੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਪ੍ਰੋ. ਹਰਜਿੰਦਰ ਸਿੰਘ ਸਭਰਾਅ ਨੇ ਕਹੇ। ।
ਸੰਗਤ ਵੱਲੋਂ ਕੀਤੇ ਇਸ ਸਵਾਲ, ‘ਕੀ ਹੇਮਕੁੰਟ ਸਿੱਖਾਂ ਦਾ ਇਤਿਹਾਸਕ ਸਥਾਨ ਹੈ ਜਾਂ ਇਹ ਕਿਵੇਂ ਤੇ ਕਦੋਂ ਹੋਂਦ ਵਿੱਚ ਆਇਆ?’ ਦਾ ਜਵਾਬ ਦੇਣ ਤੋਂ ਪਹਿਲਾਂ ਪ੍ਰੋ: ਸਭਰਾਅ ਨੇ ਸੰਗਤ ’ਤੇ ਮੋੜਵੇਂ ਸਵਾਲ ਕੀਤੇ ਕਿ ਭਾਈ ਲਹਿਣਾ ਜੀ 1532 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਸਨ। ਉਸ ਤੋਂ ਪਹਿਲਾਂ ਉਹ ਜਗਰਾਤੇ ਕਰਦੇ ਸਨ, ਵੈਸ਼ਨੂੰ ਦੇਵੀ ਦੀ ਯਾਤਰਾ ਕਰਦੇ ਸਨ ਅਤੇ ਮੂਰਤੀ ਪੂਜਾ ਕਰਦੇ ਸਨ। ਗੁਰੂ ਸ਼ਰਨ ਵਿੱਚ ਆਉਣ ਪਿੱਛੋਂ ਉਹ ਸਿੱਖ ਬਣੇ ਤੇ ਪਹਿਲਾਂ ਵਾਲੇ ਕੀਤੇ ਜਾ ਰਹੇ ਸਾਰੇ ਕਰਮਕਾਂਡ ਛੱਡ ਦਿੱਤੇ। 1539 ਵਿੱਚ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਰੂਪ ’ਚ ਸਾਡੇ ਗੁਰੂ ਬਣੇ। ਕੀ 1532 ਤੋਂ ਪਹਿਲਾਂ ਭਾਈ ਲਹਿਣਾ ਜੀ ਵੱਲੋਂ ਕੀਤੇ ਇਨ੍ਹਾਂ ਕਰਮਕਾਂਡਾਂ ਨਾਲ ਸਿੱਖਾਂ ਦਾ ਕੋਈ ਸਬੰਧ ਹੈ ਜਾਂ ਕੀ ਸਾਨੂੰ ਹੁਣ ਇਹ ਕੰਮ ਕਰਨੇ ਚਾਹੀਦੇ ਹਨ?
ਸੰਗਤ ਵੱਲੋਂ ਜਵਾਬ ਨਾਂਹ ਵਿੱਚ ਆਉਣ ’ਤੇ ਅਗਲਾ ਸਵਾਲ ਕੀਤਾ ਕਿ (ਗੁਰੂ) ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ 62 ਸਾਲ ਦੀ ਉਮਰ ਤੱਕ 20 ਵਾਰੀ ਤੋਂ ਵੱਧ ਵਾਰ ਗੰਗਾ ਇਸ਼ਨਾਨ ਕਰਨ ਜਾਂਦੇ ਰਹੇ, ਸਨਿਆਸੀਆਂ ਤਪੱਸਵੀਆਂ ਦੀ ਸੇਵਾ ਤੇ ਹੋਰ ਕਰਮਕਾਂਡ ਕੀਤੇ। ਕੀ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਬਾਬਾ ਅਮਰਦਾਸ ਜੀ ਵੱਲੋਂ ਕੀਤੇ ਕਰਮਕਾਂਡਾਂ ਨਾਲ ਸਾਡਾ ਕੋਈ ਸਬੰਧ ਹੈ ਜਾਂ ਸਾਨੂੰ ਉਹ ਕਰਨੇ ਚਾਹੀਦੇ ਹਨ? ਇਸ ਦਾ ਜਵਾਬ ਵੀ ਨਾਂਹ ਵਿੱਚ ਆਉਣ ’ਤੇ ਪ੍ਰੋ: ਸਭਰਾਅ ਨੇ ਕਿਹਾ ਕਿ ਹੇਮਕੁੰਟ ਦਾ ਜੋ ਇਤਿਹਾਸ ਬਚਿੱਤਰ ਨਾਟਕ ਦੀ ਕਹਾਣੀ ਅਨੁਸਾਰ ਸਾਨੂੰ ਦੱਸਿਆ ਜਾਂਦਾ ਹੈ ਉਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ’ਚ ਹੇਮਕੁੰਟ ਪਰਬਤ ’ਤੇ ਬੈਠ ਕੇ ਦੁਸ਼ਟ ਦਮਨ ਦੇ ਰੂਪ ’ਚ ਕਈ ਜੁਗ ਤਪ ਕੀਤਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਭਾਈ ਲਹਿਣਾ ਜੀ ਅਤੇ ਬਾਬਾ ਅਮਰਦਾਸ ਜੀ ਦੇ ਇਸ ਜਨਮ ਵਿੱਚ ਕੀਤੇ ਕੰਮਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਤਾਂ ਸਾਡੀ ਕੀ ਮਜ਼ਬੂਰੀ ਹੈ ਕਿ (ਗੁਰੂ) ਗੋਬਿੰਦ ਸਿੰਘ ਦੇ ਪਿਛਲੇ ਜਨਮ ਵਿੱਚ ਕੀਤੇ ਤਪ ਨਾਲ ਆਪਣਾ ਸਬੰਧ ਜੋੜੀਏ?
ਪ੍ਰੋ: ਸਭਰਾਅ ਨੇ ਕਿਹਾ ਕਿ ਬਚਿੱਤਰ ਨਾਟਕ ਦੀ ਕਹਾਣੀ ਮੁਤਾਬਕ ਜਿਸ ਸਮੇਂ ਦੁਸ਼ਟ ਦਮਨ ਜੀ ਹੇਮਕੁੰਟ ’ਤੇ ਤਪੱਸਿਆ ਕਰ ਰਹੇ ਸਨ ਤਾਂ ਮਹਾਂਕਾਲ ਜੀ ਪਰਗਟ ਹੋ ਕੇ ਉਸ ਪਾਸ ਆਏ ਤੇ ਕਹਿਣ ਲੱਗੇ ਕਿ ਹੁਣ ਤੁਸੀਂ ਜਨਮ ਧਾਰ ਕੇ ਮਾਤਲੋਕ ਵਿੱਚ ਜਾਉ ਤੇ ਮੇਰਾ ਨਾਮ ਜਪਾਓ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਹੇਮਕੁੰਟ ਕਿਸੇ ਹੋਰ ਲੋਕ ਵਿੱਚ ਹੈ? ਹੇਮਕੁੰਟ ਤਾਂ ਇਸੇ ਹੀ ਧਰਤੀ ’ਤੇ ਇੱਥੋਂ 200 ਕਿਲੋਮੀਟਰ ਦੀ ਦੂਰੀ ’ਤੇ ਹੈ। ਦੂਸਰੀ ਗੱਲ ਹੈ ਕਿ ਕੀ ਰੱਬ ਜੀ ਨੂੰ ਆਪਣਾ ਨਾਮ ਜਪਾਉਣ ਦੀ ਭੁੱਖ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਕਹਿ ਰਹੀ ਹੈ ਕਿ ਉਸ ਨੂੰ ਤਾਂ ਆਪਣੀ ਵਡਿਆਈ ਦੀ ਤਿਲ ਮਾਤਰ ਵੀ ਤਮਾ ਨਹੀਂ ਹੈ:
‘ਵਡਾ ਦਾਤਾ ਤਿਲੁ ਨ ਤਮਾਇ ॥’
(ਬਸੰਤੁ ਮ: 3, ਗੁਰੂ ਗ੍ਰੰਥ ਸਾਹਿਬ ਪੰਨਾ 1174)।
ਜੇ ਸਾਰੇ ਮਿਲ ਕੇ ਉਸ ਨੂੰ ਵੱਡਾ ਵੱਡਾ ਕਹਿਣ ਲੱਗ ਪੈਣ ਤਾਂ ਉਸ ਨੇ ਵੱਡਾ ਨਹੀਂ ਹੋ ਜਾਣਾ ਅਤੇ ਜੇ ਨਾ ਕਹਿਣ ਤਾਂ ਉਸ ਨੇ ਕੋਈ ਛੋਟਾ ਨਹੀਂ ਹੋ ਜਾਣਾ। ਆਪਣੀ ਵਡਿਆਈ ਦੀ ਉਸ ਨੂੰ ਕੋਈ ਲੋੜ ਨਹੀਂ, ਲੋੜ ਸਾਨੂੰ ਹੈ:
‘ਜੇ ਸਭਿ ਮਿਲਿ ਕੈ ਆਖਣ ਪਾਹਿ ॥
ਵਡਾ ਨ ਹੋਵੈ ਘਾਟਿ ਨ ਜਾਇ ॥2॥’
(ਸੋਦਰੁ ਆਸਾ ਮ: 1 ਗੁਰੂ ਗ੍ਰੰਥ ਸਾਹਿਬ ਪੰਨਾ 9)।

ਮਹਾਂਕਾਲ ਜੀ ਅਗਲੀ ਗੱਲ ਕਹਿ ਰਹੇ ਹਨ ਕਿ ਪਹਿਲਾਂ ਉਸ ਨੇ ਮਹਾਤਮਾ ਬੁੱਧ ਨੂੰ ਭੇਜਿਆ, ਗੋਰਖ ਨੂੰ ਭੇਜਿਆ, ਮਛਿੰਦਰ ਨੂੰ ਭੇਜਿਆ, ਹਜ਼ਰਤ ਮੁਹੰਮਦ ਸਾਹਿਬ ਨੂੰ ਭੇਜਿਆ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਮੇਰਾ ਨਾਮ ਨਹੀਂ ਜਪਾਇਆ ਇਸ ਲਈ ਹੁਣ ਤੁਸੀਂ ਜਾਉ ਤੇ ਮੇਰਾ ਨਾਮ ਜਪਾਓ। ਇਹ ਸੁਣ ਕੇ ਦੁਸ਼ਟ ਦਮਨ ਜੀ ਹੱਥ ਜੋੜ ਕੇ ਕਹਿਣ ਲੱਗੇ ਕਿ ਮੈਂ ਹੱਥ ਜੋੜ ਕੇ ਖੜ੍ਹਾ ਹੋ ਗਿਆ ਅਤੇ ਸਿਰ ਨੀਵਾਂ ਕਰ ਕੇ ਬੇਨਤੀ ਕੀਤੀ ਕਿ ਜਦੋਂ ਤੁਸੀਂ ਸਹਾਇਤਾ ਕਰੋਗੇ ਤਾਂ ਜਗਤ ਵਿਚ ਪੰਥ ਚੱਲ ਸਕੇਗਾ: ‘
ਠਾਂਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਯਾਇ ॥
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥30॥’
(ਬਚਿਤ੍ਰ ਨਾਟਕ ਅਧਿਆਏ 6)।
ਪ੍ਰੋ: ਸਭਰਾਅ ਨੇ ਸੰਗਤ ਨੂੰ ਸਵਾਲ ਕੀਤਾ ‘ਕੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਨਵਾਂ ਪੰਥ ਚਲਾਇਆ? ਗੁਰੂ ਨਾਨਕ ਸਾਹਿਬ ਜੀ ਨੇ ਜਿਸ ਪੰਥ ਦੀ ਨੀਂਹ ਰੱਖੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਉਸੇ ਹੀ ਪੰਥ ਦਾ ਵਿਕਾਸ ਕੀਤਾ। ਸੰਗਤ ਵੱਲੋਂ ਸਹਿਮਤੀ ਪ੍ਰਗਟਾਉਣ ’ਤੇ ਪ੍ਰੋ: ਸਭਰਾਅ ਜੀ ਨੇ ਕਿਹਾ: ‘
ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥’
ਪੜ੍ਹ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਧਰਤੀ ’ਤੇ ਆਉਣ ਦਾ ਮਕਸਦ ਨਵਾਂ ਪੰਥ ਚਲਾਉਣਾ ਸੀ। ਇਹ ਕਹਿ ਕੇ ਸਾਡੇ ਵਿੱਚ ਵੰਡੀਆਂ ਪਾਉਣ ਲਈ ਆਰੀ ਚਲਾ ਦਿੱਤੀ ਤੇ ਕਈ ਸੰਪ੍ਰਦਾਵਾਂ ਕਹਿਣ ਲੱਗ ਪਈਆਂ ਕਿ ਸਾਡਾ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਸਬੰਧ ਨਹੀਂ ਸਾਡਾ ਸਬੰਧ ਤਾਂ ਗੁਰੂ ਨਾਨਕ ਸਾਹਿਬ ਨਾਲ ਹੈ ਇਸੇ ਕਾਰਣ ਉਨ੍ਹਾਂ ਵਿੱਚੋਂ ਕਈ ਆਪਣੀ ਠਾਠਾਂ ’ਤੇ ਨਿਸ਼ਾਨ ਸਾਹਿਬ ਹੀ ਨਹੀਂ ਚੜ੍ਹਾਉਦੀਆਂ।

ਬਚਿੱਤਰ ਨਾਟਕ ਵਿੱਚ ਅਗਲੀ ਗੱਲ ਲਿਖੀ ਹੈ ਜਿਸ ਵਿੱਚ (ਗੁਰੂ) ਗੋਬਿੰਦ ਸਿੰਘ ਜੀ ਦੁਸ਼ਟ ਦਮਨ ਦੇ ਰੂਪ ਵਿੱਚ ਕਹਿ ਰਹੇ ਕਿ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਪੂਰਬ ਵੱਲ ਜਾਣਾ ਕੀਤਾ ਤ੍ਰਿਬੇਣੀ ਭਾਵ ਪ੍ਰਯਾਗ ਅਲਾਹਾਬਾਦ ਜਾ ਕੇ ਭਾਂਤ ਭਾਂਤ ਦੇ ਤੀਰਥ ਇਸ਼ਨਾਨ ਕੀਤੇ ਅਤੇ ਕਈ ਦਿਨ ਪੁੰਨ ਦਾਨ ਕਰਦਿਆਂ ਬਿਤਾ ਦਿੱਤੇ ਤਾਂ ਉਥੇ ਹੀ ਉਨ੍ਹਾਂ ਦਾ ਪ੍ਰਕਾਸ਼ ਹੋਇਆ ਤੇ ਪਟਨਾ ਸ਼ਹਿਰ ਵਿੱਚ ਜਨਮ ਲਿਆ:
‘ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥
ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥
ਪੁੰਨ ਦਾਨ ਦਿਨ ਕਰਤ ਬਿਤਏ ॥1॥
ਤਹੀ ਪ੍ਰਕਾਸ ਹਮਾਰਾ ਭਯੋ ॥
ਪਟਨਾ ਸਹਰ ਬਿਖੈ ਭਵ ਲਯੋ ॥’
(ਬਚਿਤ੍ਰ ਨਾਟਕ ਅਧਿਆਏ 7)
ਪ੍ਰੋ: ਸਭਰਾਅ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿ ਰਹੇ ਹਨ ਕਿ ਇਹ ਸਭ ਕਰਮਕਾਂਡ ਹਨ ਤੇ ਮੇਰੇ ਲਈ ਅਕਾਲ ਪੁਰਖ਼ ਦਾ ਨਾਮ ਹੀ ਤੀਰਥ ਹੈ:

‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥

ਗੁਰ ਗਿਆਨੁ ਸਾਚਾ ਥਾਨੁ ਤੀਰਥੁ, ਦਸ ਪੁਰਬ ਸਦਾ ਦਸਾਹਰਾ ॥

ਹਉ ਨਾਮੁ ਹਰਿ ਕਾ ਸਦਾ ਜਾਚਉ, ਦੇਹੁ ਪ੍ਰਭ ਧਰਣੀਧਰਾ ॥

ਸੰਸਾਰੁ ਰੋਗੀ ਨਾਮੁ ਦਾਰੂ, ਮੈਲੁ ਲਾਗੈ ਸਚ ਬਿਨਾ ॥

ਗੁਰ ਵਾਕੁ ਨਿਰਮਲੁ ਸਦਾ ਚਾਨਣੁ, ਨਿਤ ਸਾਚੁ ਤੀਰਥੁ ਮਜਨਾ ॥1॥’

(ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ ਪੰਨਾ 687)

ਇਸ ਦਾ ਭਾਵ ਹੈ ਕਿ ਸਾਨੂੰ ਘੇਰ ਕੇ ਪ੍ਰਯਾਗ ਮੁੜ ਇਕੱਠੇ ਕਰਨ ਲਈ, ਮੁੜ ਬ੍ਰਹਮਣਵਾਦੀ ਕਰਮਕਾਂਡਾਂ ਵਿੱਚ ਫਸਾਉਣ ਲਈ, ਗੁਰੂ ਨੂੰ ਦੇਵੀ ਦਾ ਭਗਤ ਦਰਸਾਉਣ ਲਈ ਗੋਬਿੰਦ ਸਿੰਘ ਜੀ ਦਾ ਬਾਕੀ ਦੇ ਨੌ ਗੁਰੂਆਂ ਨਾਲੋਂ ਸਬੰਧ ਤੋੜਨ ਲਈ ਬਚਿਤਰ ਨਾਟਕ ਦੀ ਰਚਨਾ ਦਾ ਵਾਰ ਵਾਰ ਕੀਰਤਨ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਸ਼ਬਦ ਪੜ੍ਹਿਆ ਹੀ ਨਹੀਂ ਜਾਂਦਾ ਤੇ ਸਾਰੇ ਦਾ ਸਾਰਾ ਕੀਰਤਨ ਹੀ ਬਚਿਤਰ ਨਾਟਕ ਵਿੱਚੋਂ ਕੀਤਾ ਜਾਂਦਾ ਹੈ। ਪ੍ਰੋ: ਸਭਰਾਅ ਨੇ ਕਿਹਾ ਕਿ ਵੀਚਾਰ ਕਰਨਾ ਸਾਡਾ ਫਰਜ਼ ਹੈ ਮੰਨਣਾ ਤੁਸੀਂ ਆਪ ਹੈ। ਅਸੀਂ ਕਿਸੇ ’ਤੇ ਥੋਪਦੇ ਨਹੀਂ ਕਿ ਜੋ ਮੈਂ ਕਿਹਾ ਸਿਰਫ ਉਹ ਹੀ ਠੀਕ ਹੈ। ਉਨ੍ਹਾਂ ਕਿਹਾ ਜਿਨ੍ਹਾਂ ਦਾ ਕੰਮ ਥੋਪਣਾ ਹੈ ਉਹ ਤਾਂ ਕ੍ਰਿਪਾਨ ਦੇ ਮੁੱਠੇ ’ਤੇ ਹੱਥ ਰੱਖ ਕੇ ਠੋਸ ਰਹੇ ਹਨ ਤੇ ਸਾਨੂੰ ਜ਼ਬਰਦਸਤੀ ਮੰਨਵਾਉਣ ਲਈ ਕਿਹਾ ਜਾਂਦਾ ਹੈ ਕਿ ਦੱਸ ਮੰਨਣਾ ਹੈ ਜਾਂ ਨਹੀਂ। ਇਹ ਵੇਖ ਕੇ ਕਈ ਵਾਰ ਸੋਚੀਦਾ ਹੈ ਕਿ ਸ਼ਾਇਦ ਮੁੜ ਔਰੰਗਜ਼ੇਬ ਦਾ ਰਾਜ ਆ ਗਿਆ ਹੈ। ਪ੍ਰੋ ਸਭਰਾਅ ਨੇ ਕਿਹਾ ਕਿ ਐਸੀਆਂ ਗੱਲਾਂ ਕਰਕੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਇਨਕਲਾਬੀ ਸੋਚ ਨੂੰ ਧੱਬਾ ਨਹੀਂ ਲਾਉਣਾ ਚਾਹੀਦਾ।

ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ
ਦੇ ਪੁਜਾਰੀਆਂ ਨੇ ਦੋ ਤਖ਼ਤ ਸਾਹਿਬਾਨਾਂ ’ਤੇ

ਗੁਰੂ ਗ੍ਰੰਥ ਸਾਹਿਬ ਦੇ ਬਰਾਬਰ

ਹੋਰ ਇੱਕ ਗ੍ਰੰਥ ਪ੍ਰਕਾਸ਼ ਕਰਕੇ

ਸਿੱਖ ਪੰਥ ਵਿਚ ਵਿਵਾਦ ਪੈਦਾ ਕੀਤਾ ਹੈ

ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਪੁਜਾਰੀਆਂ ਦੀ ਪਤਾ ਨਹੀਂ ਕੀ ਮਜਬੂਰੀ ਹੈ ਕਿ ਦੋ ਤਖ਼ਤ ਸਾਹਿਬਾਨਾਂ ’ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰ ਕੇ ਸਿੱਖ ਪੰਥ ਵਿਚ ਵਿਵਾਦ ਪੈਦਾ ਕੀਤਾ ਗਿਆ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਪਹਾੜਾਂ ਦੀਆਂ ਕੁੰਦਰਾਂ ਵਿਚੋਂ ਥੱਲੇ ਉਤਾਰਿਆ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ: ‘

ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤ੍ਰਿ ਕਉ ਪਾਰਿ ਉਤਾਰਾ।’

(ਵਾਰ ੧ ਪਉੜੀ ੨੯)

ਪਰ ਬਚਿੱਤਰ ਨਾਟਕ ਦੇ ਲਿਖਾਰੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਪਹਾੜਾਂ ’ਤੇ ਚੜ੍ਹਾ ਦਿੱਤਾ। ਅਨੰਦਪੁਰ ਸਾਹਿਬ, ਚਮਕੌਰ ਦੀ ਗੜ੍ਹੀ ਅਤੇ ਸਰਹਿੰਦ ਦੀਆਂ ਨੀਂਹਾਂ ਦਾ ਇਤਿਹਾਸ ਸਾਡੇ ਮਨਾਂ ’ਚੋਂ ਭੁਲਾਉਣ ਲਈ ਬਚਿੱਤਰ ਨਾਟਕ ਦੀ ਰਚਨਾ ਕੀਤੀ ਗਈ ਹੈ।

ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਿੱਖੀ ਪ੍ਰਚਾਰ ਲਹਿਰ ਹੇਠ ੫ ਜੂਨ ਨੂੰ ਮਹਾਂਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਕੀਤੇ ਗਏ ਇੱਕ ਪ੍ਰੋਗਰਾਮ ਵਿਚ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਕਹੇ। ਇਸ ਪ੍ਰੋਗਰਾਮ ਦੀ ਸੀਡੀ ਯੂ ਟਿਊਬ ਤੇ ਸੁਣੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਗਰਮੀਆਂ ਦੀਆਂ ਛੁੱਟੀਆਂ ਵਿਚ ਜਿੰਨੀਆਂ ਕਾਰਾਂ, ਗੱਡੀਆਂ, ਟਰੇਨਾਂ ਅਤੇ ਬਾਹਰਲੇ ਦੇਸ਼ਾਂ ਵਿਚੋਂ ਜਹਾਜਾਂ ਦੇ ਕਾਫ਼ਲੇ ਹੇਮਕੁੰਟ ਨੂੰ ਵਹੀਰਾਂ ਘੱਤ ਕੇ ਜਾ ਰਹੇ ਹਨ, ਉਸ ਦੇ ਮੁਕਾਬਲੇ ’ਤੇ ਅਨੰਦਪੁਰ ਸਾਹਿਬ, ਚਮਕੌਰ ਦੀ ਗੜ੍ਹੀ ਅਤੇ ਸਰਹਿੰਦ ਵੱਲ ਨੂੰ ਨਹੀਂ ਜਾਂਦੇ। ਇਸ ਦਾ ਕਾਰਨ ਸਿਰਫ਼ ਇੱਕੋ ਹੈ ਕਿ ਜੇ ਗਏ ਅਨੰਦਪੁਰ ਸਾਹਿਬ ਨੂੰ ਗਏ ਤਾਂ ਉੱਥੋਂ ਦਾ ਇਤਿਹਾਸ ਦੱਸਿਆ ਜਾਵੇਗਾ, ਜੇ ਚਮਕੌਰ ਦੀ ਗੜ੍ਹੀ ਗਏ ਤਾਂ ਉੱਥੋਂ ਦਾ ਇਤਿਹਾਸ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਹੱਥੀਂ ਤਿਆਰ ਕਰ ਕੇ ਧਰਮ ਖ਼ਾਤਰ ਸ਼ਹੀਦੀਆਂ ਪਾਉਣ ਲਈ ਤੋਰਿਆਂ ਤੇ ਉਨ੍ਹਾਂ ਕਿਸ ਤਰ੍ਹਾਂ ਬਹਾਦਰੀ ਦੇ ਜੌਹਰ ਵਿਖਾਉਂਦੇ ਹੋਏ ਸ਼ਹੀਦੀਆਂ ਪਾਈਆਂ, ਜੇ ਗਏ ਸਰਹਿੰਦ ਤਾਂ ਉੱਥੋਂ ਦੀ ਦੀਵਾਰ ਵਿਖਾਈ ਜਾਵੇਗੀ ਕਿ ੬ ਤੇ ੮ ਸਾਲ ਦੇ ਛੋਟੇ ਸਾਹਿਬਜ਼ਾਦੇ ਇਸ ਨੀਂਹ ’ਚ ਚਿਣ ਕੇ ਸ਼ਹੀਦ ਕੀਤੇ ਗਏ ਪਰ ਉਹ ਆਪਣੇ ਧਰਮ ਤੋਂ ਨਾ ਡੋਲੇ। ਜੇ ਇਤਿਹਾਸ ਸੁਣ ਕੇ ਪਤਿਤ ਬੱਚੇ ਕੇਸਾਧਾਰੀ ਹੋ ਗਏ ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਪੁੱਛਣਾ ਹੈ ਕਿ ਸਾਨੂੰ ਇਹ ਇਤਿਹਾਸ ਜਿਸ ਨੇ ਦੁਨੀਆ ਵਿਚ ਮਿਸਾਲ ਪੈਦਾ ਕੀਤੀ ਸਾਨੂੰ ਇਹ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ? ਪਰ ਹੇਮ ਕੁੰਟ ਉਨ੍ਹਾਂ ਨੂੰ ਵਿਖਾਇਆ ਜਾਵੇਗਾ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੈਠ ਕੇ ਚੌਕੜਾ ਮਾਰ ਕੇ ਤਪ ਕੀਤਾ ਆਹ ਉਨ੍ਹਾਂ ਦੀ ਮਾਲਾ ਪਈ ਹੈ। ਇਸ ਤਰ੍ਹਾਂ ਅਨੰਦਪੁਰ ਸਾਹਿਬ, ਚਮਕੌਰ ਦੀ ਗੜ੍ਹੀ ਅਤੇ ਸਰਹਿੰਦ ਦੀਆਂ ਨੀਂਹਾਂ ਦਾ ਇਤਿਹਾਸ ਸਾਡੇ ਮਨਾਂ ’ਚੋਂ ਭੁਲਾਇਆ ਜਾਵੇਗਾ।

ਪ੍ਰੋ: ਧੂੰਦਾ ਨੇ ਕਿਹਾ ਦਸਮ ਗ੍ਰੰਥ ਦਾ ਨਾਮ ਪਹਿਲਾਂ ਇਹ ਨਹੀਂ ਸੀ ਉਸ ਵਿਚ ਸਾਫ਼ ਲਿਖਿਆ ਹੈ ਕਿ ਇਹ ਕਈ ਗ੍ਰੰਥਾਂ ਦਾ ਉਤਾਰਾ ਹੈ ਪਰ ਇਨ੍ਹਾਂ ਸਾਰਿਆਂ ਨੂੰ ਇਕੱਠੇ ਕਰ ਕੇ ਇਸ ਦਾ ਨਾਮ ਰੱਖ ਦਿੱਤਾ ‘ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ’ ਇਸ ਤਰ੍ਹਾਂ ਸਾਨੂੰ ਭੁਲੇਖਾ ਪਾਇਆ ਗਿਆ ਕਿ ਇਹ ਦਸਵੇਂ ਪਾਤਸ਼ਾਹ ਦੀ ਬਾਣੀ ਹੈ।

ਇਸ ਗ੍ਰੰਥ ਦੀ ਤ੍ਰਿਆ ਚਰਿੱਤਰ ਦੀ ਰਚਨਾ ਇਤਨੀ ਅਸ਼ਲੀਲ ਹੈ ਕਿ ਪਤੀ ਪਤਨੀ ਵੀ ਇਕੱਠੇ ਬੈਠ ਕੇ ਇਸ ਦੇ ਅਰਥ ਨਹੀਂ ਸੁਣ ਸਕਦੇ। ਦਸਮ ਗ੍ਰੰਥ ਦੇ ਹਮਾਇਤੀ ਵੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ੧੩੭੯ ’ਤੇ ਬਾਬਾ ਫ਼ਰੀਦ ਜੀ ਦਾ ਸਲੋਕ :

‘ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥

ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥’

ਸੁਣਾ ਕੇ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਅਸ਼ਲੀਲਤਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਹੈ। ਪ੍ਰੋ: ਧੂੰਦਾ ਨੇ ਕਿਹਾ ਕਿ ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਕੰਤ’ ਦਾ ਅਰਥ ਹੈ ਪ੍ਰਭੂ, ਪ੍ਰਮਾਤਮਾ ਹੈ ਅਤੇ ਅਸੀਂ ਸਾਰੇ ਉਸ ਦੀਆਂ ਜੀਵ ਇਸਤਰੀਆਂ ਹਾਂ। ਇਸ ਤਰ੍ਹਾਂ ਇਸ ਸਲੋਕ ਦਾ ਅਰਥ ਹੈ ਕਿ ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਦੀ ਯਾਦ ਤੋਂ ਵਾਂਝੀ ਰਹਿ ਕੇ ਉਸ ਵਿਚ ਬਿਆਨ ਕੀਤੇ ਗਏ ਗੁਣਾਂ ਤੋਂ ਸੱਖਣਾ ਜੀਵਨ ਬਿਤਾਇਆ ਹੈ, ਤੇ ਉਸ ਦੀ ਯਾਦ ਤੋਂ ਬਿਨਾਂ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ। ਜਾ ਕੇ ਛੁੱਟੜਾਂ (ਉਨ੍ਹਾਂ ਮੰਦ-ਭਾਗਣਾਂ ਜਿਹੜੀ ਪ੍ਰਭੂ ਤੋਂ ਹਮੇਸ਼ਾ ਹੀ ਵਿੱਛੜੀਆਂ ਰਹਿੰਦੀਆਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜ੍ਹਾ ਚਿਰ ਪ੍ਰਭੂ ਵਿੱਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਨ੍ਹਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) ॥੩੦॥

ਪਰ ਜੇ ਸਮਾਜਿਕ ਰਿਸ਼ਤਿਆਂ ਦੀ ਗੱਲ ਵੀ ਕਰੀਏ ਤਾਂ ਜਦੋਂ ਸਾਡੀ ਬੱਚੀ ਜੁਆਨ ਹੋ ਜਾਂਦੀ ਹੈ ਤਾਂ ਅਸੀਂ ਖ਼ੁਦ ਵਰ ਟੋਲ ਕੇ ਉਸ ਦੇ ਲੜ ਲਾਉਂਦੇ ਹਾਂ। ਜੇ ਕਰ ਆਪਣੀ ਜਵਾਨ ਬੱਚੀ ਨੂੰ ਬਾਜ਼ਾਰ ਵਿਚ ਕਿਸੇ ਗੈਰ ਮਰਦ ਨਾਲ ਵੇਖ ਲਈਏ ਤਾਂ ਉਸ ਨੂੰ ਪ੍ਰਵਾਨ ਨਹੀਂ ਕਰਦੇ ਪਰ ਜੇ ਉਹ ਆਪਣੇ ਪਤੀ ਨਾਲ ਘਰ ਆਵੇ ਤਾਂ ਉਸ ਦਾ ਸਤਿਕਾਰ ਕਰਦੇ ਹਾਂ ਕਿ ਇਹ ਸਾਡਾ ਜਵਾਈ ਹੈ, ਇਹ ਸਾਡਾ ਪ੍ਰਾਹੁਣਾ ਹੈ, ਇਹ ਸਾਡਾ ਰਿਸ਼ਤੇਦਾਰ ਹੈ। ਪਤੀ ਪਤਨੀ ਦੇ ਇਹ ਰਿਸ਼ਤੇ ਸਾਡੇ ਸਮਾਜ ਵਿਚ ਪ੍ਰਵਾਨ ਹਨ। ਪਤੀਵਰਤਾ ਇਸਤਰੀ ਦਾ ਸਮਾਜ ਵਿਚ ਸਨਮਾਨ ਹੈ ਤੇ ਇਨ੍ਹਾਂ ਰਿਸ਼ਤਿਆਂ ਤੋਂ ਬਾਹਰੀ ਸਬੰਧ ਪ੍ਰਵਾਨ ਨਹੀਂ ਹਨ।

ਗੁਰਬਾਣੀ ਦਾ ਵੀ ਫ਼ੁਰਮਾਨ ਹੈ:

‘ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥

ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ ॥੧੧੪॥’

(ਸਲੋਕ ਫ਼ਰੀਦ ਜੀ ਗੁਰੂ ਗ੍ਰੰਥ ਸਾਹਿਬ ਪੰਨਾ ੧੩੮੪)

ਪਰ ਦਸਮ ਗ੍ਰੰਥ ਦੇ ਤ੍ਰਿਅ ਚਰਿੱਤਰ ਵਿਚ ਪਤੀ ਵਰਤਾ ਦਾ ਕੋਈ ਜ਼ਿਕਰ ਹੀ ਨਹੀਂ। ਉੱਥੇ ਗੱਲ ਹੀ ਬਾਹਰੀ ਰਿਸ਼ਤਿਆਂ ਦੀ ਹੈ। ਉਸ ਵਿਚ ਲਿਖਿਆ ਹੈ ਕਿ ਪਤੀ ਨੂੰ ਆਪਣੀ ਪਤਨੀ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਪਤਨੀ ਨੂੰ ਪਤੀ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਭੈਣ ਨੇ ਆਪਣੇ ਭਰਾ ਨੂੰ ਕਿਸ ਤਰ੍ਹਾਂ ਧੋਖੇ ਵਿਚ ਰੱਖ ਕੇ ਵਿਭਚਾਰ ਕਰਨਾ ਹੈ, ਆਪਣੇ ਮਾਂ ਬਾਪ ਨੂੰ ਕਿਸ ਤਰ੍ਹਾਂ ਧੋਖੇ ਵਿਚ ਰੱਖਣਾ ਹੈ, ਪਿਤਾ ਨੇ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਧੋਖੇ ਵਿਚ ਰੱਖਣਾ ਹੈ। ਉਸ ਗ੍ਰੰਥ ਵਿਚ ਲਿਖਿਆ ਹੈ ਕਿ ਔਰਤ ਨੂੰ ਬਣਾ ਕੇ ਰੱਬ ਵੀ ਪਛਤਾਇਆ: ‘

ਬਿਧਨਾ ਸਿਰਜਿ ਬਹੁਰਿ ਪਛੁਤਾਯੋ ॥’ (ਚਰਿੱਤਰ ੩੧੨)

ਇੱਕ ਗ੍ਰੰਥ ਕਹਿੰਦਾ ਹੈ ਔਰਤ ਮਹਾਨ ਹੈ ਇਸ ਨੂੰ ਮਾੜਾ ਨਹੀਂ ਆਖਣਾ ਚਾਹੀਦਾ: ‘

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥’

(ਆਸਾ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ ਪੰਨਾ ੪੭੩),

ਦੂਸਰਾ ਕਹਿੰਦਾ ਹੈ ਔਰਤ ਨੂੰ ਸਿਰਜ ਕੇ ਰੱਬ ਵੀ ਪਛਤਾਇਆ।

ਇਹ ਔਰਤ ਨੇ ਸੋਚਣਾ ਹੈ ਕਿ ਉਸ ਨੂੰ ਬਣਾ ਕੇ ਪਛਤਾਉਣ ਵਾਲਾ ਰੱਬ ਕਿਹੜਾ ਹੋਵੇਗਾ?

ਪ੍ਰੋ: ਧੂੰਦਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਅਕਾਲ ਪੁਰਖ ਹੈ ਜਿਹੜਾ ਸਮੇਂ ਦੇ ਅਧੀਨ ਨਹੀਂ ਹੈ ਪਰ ਦਸਮ ਗ੍ਰੰਥ ਦਾ ਰੱਬ ਮਹਾਂਕਾਲ ਹੈ ਜਿਹੜਾ ਸਮੇਂ ਦੇ ਅਧੀਨ ਹੈ ਤੇ ਉਸ ਦਾ ਰੂਪ ਵੀ ਬੜਾ ਭਿਅੰਕਰ ਦੱਸਿਆ ਗਿਆ ਹੈ। ਪਰ ਸਾਡੇ ਰਾਗੀਆਂ ਦੀ ਵੀ ਪਤਾ ਨਹੀਂ ਕੀ ਮਜਬੂਰੀ ਬਣ ਗਈ ਹੈ ਕਿ ਉਹ ਇਸ ਗ੍ਰੰਥ ਦੀਆਂ ਰਚਨਾਵਾਂ ਦਾ ਕੀਰਤਨ ਕਰਦੇ ਹਨ। ਸਿੱਖ ਰਹਿਤ ਮਰਿਆਦਾ ਵਿਚ ਸਾਫ਼ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤੇ ਇਸ ਦੀ ਵਿਆਖਿਆ ਸਰੂਪ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਕੀਰਤਨ ਹੋ ਸਕਦਾ ਹੈ। ਪ੍ਰੋ: ਧੂੰਦਾ ਨੇ ਕਿਹਾ ਜਿਹੜਾ ਵੀ ਰਾਗੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰ ਕੇ ਦਸਮ ਗ੍ਰੰਥ ਦੀ ਰਚਨਾ ਦਾ ਕੀਰਤਨ ਕਰਦਾ ਹੈ ਉਸ ਤੋਂ ਪਿਆਰ ਸਹਿਤ ਪੁੱਛਿਆ ਜਾਣਾ ਚਾਹੀਦਾ ਹੈ ਕਿ ਭਾਈ ਤੂੰ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ ਹੈਂ? ਜੇ ਮੰਨਦਾ ਹੈਂ ਤਾਂ ਇਹ ਰਚਨਾ ਪੜ੍ਹ ਕੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਿਉਂ ਕਰ ਰਿਹਾ ਹੈਂ?

ਨਾਗਪੁਰ ਵਿਖੇ ਪ੍ਰੋ ਧੂੰਦਾ ਵੱਲੋਂ ਦਸਮ ਗ੍ਰੰਥ ਸਬੰਧੀ ਖੁੱਲ੍ਹ ਕੇ ਵਿਚਾਰਾਂ ਕੀਤੇ ਜਾਣ ਨੇ ਕਈ ਉਨ੍ਹਾਂ ਵੀਰਾਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ ਜਿਹੜੇ ਇਹ ਸ਼ੱਕ ਕਰ ਰਹੇ ਸਨ ਕਿ ਉਹ ਪੁਜਾਰੀਆਂ ਅੱਗੇ ਗੋਡੇ ਟੇਕ ਆਏ ਹਨ ਤੇ ਦਸਮ ਗ੍ਰੰਥ ਸਬੰਧੀ ਨਾ ਬੋਲਣ ਦਾ ਬਚਨ ਦੇ ਕੇ ਉਨ੍ਹਾਂ ਆਪਣੀ ਸਟੇਜ ਤਾਂ ਬਚਾ ਲਈ ਹੈ ਪਰ ਜਾਗਰੂਕ ਲਹਿਰ ਨੂੰ ਬੜਾ ਧੱਕਾ ਲਾ ਦਿੱਤਾ ਹੈ।
avatar
preety kaur
super moderator
super moderator

Posts : 458
Reputation : 71
Join date : 01/05/2012
Age : 36
Location : mohali

Back to top Go down

Back to top


 
Permissions in this forum:
You cannot reply to topics in this forum