Punjabi Likari Forums
Sat Sri Akal

ਨਿਸ਼ਕਾਮ ਸੇਵਾ ਦਾ ਸੂਰਜ

Go down

Announcement ਨਿਸ਼ਕਾਮ ਸੇਵਾ ਦਾ ਸੂਰਜ

Post by Admin on Sun Jun 03, 2012 11:04 am

[You must be registered and logged in to see this image.]

ਅੱਜ ਦੇ ਦਿਨ, 1904 ਈਸਵੀ ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਵਿਖੇ ਨਿਸ਼ਕਾਮ ਮਨੁੱਖ ਸੇਵਾ ਦਾ ਇੱਕ ਸੂਰਜ ਚੜ੍ਹਿਆ ਜਿਸ ਤੋਂ ਰੌਸ਼ਨੀ ਲੈ ਕੇ ਕੋਈ ਵੀ ਧਰਤੀ ਅਪਾਹਜ, ਨਿਰਾਸ਼, ਮਜਬੂਰ ਮਨੁੱਖਤਾ ਲਈ ਸਵਰਗ ਉਸਾਰ ਸਕਦੀ ਹੈ।

ਨਿਸ਼ਕਾਮ ਸੇਵਾ ਲਈ ਧਰਤੀ ਜਿੰਨੀ ਵਿਸ਼ਾਲਤਾ ਅਤੇ ਜੇਰਾ ਹੋਣਾ ਲਾਜ਼ਮੀ ਹੈ। 3 ਜੂਨ, 1904 ਨੂੰ ਜਨਮੇਂ ਭਗਤ ਪੂਰਨ ਸਿੰਘ ਨੇ ਇਹ ਵਿਸ਼ਾਲਤਾ ਅਤੇ ਹਿੰਮਤ ਬਣਾ ਕੇ ਅਪਾਹਜ, ਨਿਰਾਸ਼, ਮਜਬੂਰ ਮਨੁੱਖਾਂ ਦੀ ਜਿੰਨੀ ਸੇਵਾ ਕੀਤੀ, ਉਸ ਉਤੇ ਸਮੁੱਚੀ ਮਨੁੱਖਤਾ ਨੂੰ ਮਾਣ ਹੈ।

ਭਗਤ ਪੂਰਨ ਸਿੰਘ ਦੀ ਜੀਵਨ ਕਹਾਣੀ ਸਪਸ਼ਟ ਕਰਦੀ ਹੈ ਕਿ ਨਿਸ਼ਕਾਮ ਸੇਵਾ ਭਾਵਨਾ ਜਨਮਜਾਤ ਨਹੀਂ ਹੁੰਦੀ, ਇਸ ਦਾ ਨਿਰੰਤਰ ਵਿਕਾਸ ਹੁੰਦਾ ਹੈ। ਜਿੰਨ੍ਹਾਂ ਲੋਕਾਂ ਨੇ ਆਪਣੇ ਪਿੰਡੇ 'ਤੇ ਪੀੜਾਂ ਹੰਢਾਈਆਂ ਹੁੰਦੀਆਂ ਹਨ, ਉਹ ਦੂਸਰਿਆਂ ਦੀ ਸੇਵਾ ਕਰਨ ਲਈ ਵਧੇਰੇ ਪ੍ਰੇਰਿਤ ਹੁੰਦੇ ਹਨ ਅਤੇ ਉੱਤਮ ਦਰਜੇ ਦੀ ਸੇਵਾ ਕਰ ਸਕਦੇ ਹਨ।

ਭਗਤ ਜੀ ਦੇ ਆਪਣੇ ਦੱਸੇ ਅਨਸਾਰ ਉਨ੍ਹਾਂ ਦਾ ਬਚਪਨ ਨਾ ਕੇਵਲ ਤਕਲੀਫ਼ ਸਗੋਂ ਅਪਮਾਨ ਵਿਚ ਬੀਤਿਆ। ਅਪਮਾਨ ਇਸ ਲਈ ਕਿ ਉਨ੍ਹਾਂ ਦੀ ਮਾਂ ਵਿਆਹੁਤਾ ਪਤਨੀ ਨਹੀਂ ਸੀ ਪਰ ਜਦ ਤੱਕ ਪਿਤਾ ਜੀਵਤ ਰਿਹਾ, ਅਪਮਾਨ ਦੀਆਂ ਘੜੀਆਂ ਸ਼ੁਰੂ ਨਹੀਂ ਹੋਈਆਂ। ਪਿਤਾ ਜੀ ਸ਼ਾਹੂਕਾਰਾ ਕਰਦੇ ਸਨ। 1914 ਦੇ ਕਾਲ ਵਿਚ ਉਸ ਦਾ ਕਾਰੋਬਾਰ ਠੱਪ ਹੋ ਗਿਆ। ਮਾਂ ਚਾਹੁੰਦੀ ਸੀ ਕਿ ਪੁੱਤਰ ਦਸ ਜਮਾਤਾਂ ਪਾਸ ਕਰ ਲਵੇ। ਪਿਤਾ ਚੱਲ ਵੱਸਿਆ ਤਾਂ ਮਾਂ ਚੱਕੀ ਪੀਹਣ ਦੀ ਮਜ਼ਦੂਰੀ ਕਰਨ ਲੱਗ ਪਈ।

ਕਿਸੇ ਨੇ ਕਿਹਾ ਕਿ ਚੱਕੀ ਪੀਹ ਕੇ ਪੁੱਤਰ ਨੂੰ ਦਸ ਜਮਾਤਾਂ ਪੜ੍ਹਾ ਨਹੀਂ ਸਕੇਂਗੀ। ਵਧੇਰੇ ਪੈਸੇ ਕਮਾਉਣ ਦੀ ਲਾਲਸਾ ਨਾਲ ਮਿੰਟਗੁਮਰੀ ਦੀ ਜੇਲ੍ਹ ਦੇ ਇੱਕ ਡਾਕਟਰ ਦੇ ਘਰ ਨੌਕਰੀ ਸ਼਼ੁਰੂ ਕੀਤੀ। ਉਹ ਡਾਕਟਰ ਲਾਹੌਰ ਆ ਗਿਆ। ਭਗਤ ਜੀ ਦੀ ਮਾਂ ਵੀ ਲਾਹੌਰ ਆ ਗਈ ਜਿਥੇ ਕਈ ਸਾਲ ਤੱਕ ਉਹ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜਣ ਦਾ ਕੰਮ ਕਰਦੀ ਰਹੀ। ਭਗਤ ਜੀ ਨੂੰ ਹੋਸਟਲ ਵਿਚ ਰੱਖ ਕੇ ਹਰ ਮਹੀਨੇ ਦਸ ਰੁਪੈ ਭੇਜਦੀ ਰਹੀ।

ਗਰੀਬੀ ਵਿਚ ਪਲੇ ਬੱਚੇ ਆਮ ਤੌਰ 'ਤੇ ਜ਼ਹੀਨ ਹੁੰਦੇ ਹਨ, ਮਨ ਲਾ ਕੇ ਪੜ੍ਹਦੇ ਵੀ ਹਨ। ਇਤਿਹਾਸ ਵਿਚ ਉਨ੍ਹਾਂ ਦੇ ਬਹੁਤ ਪੜ੍ਹ ਲਿਖ ਕੇ ਅਗਾਂਹ ਵਧਣ ਦੀਆਂ ਕਹਾਣੀਆਂ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ ਪਰ ਭਗਤ ਜੀ ਦਸਵੀਂ ਵਿਚੋਂ ਫੇਲ੍ਹ ਹੋ ਗਏ।

ਮਾਂ ਨੇ ਭਗਤ ਜੀ ਦਾ ਨਤੀਜਾ ਪੜ੍ਹ ਕੇ ਚਿੱਠੀ ਲਿਖਵਾਈ, ''ਉਦਾਸ ਨਾ ਹੋਵੀਂ। ਰੋਟੀ ਫੇਲ੍ਹ ਵੀ ਖਾਂਦੇ ਹਨ।"

ਭਗਤ ਜੀ ਨੇ ਪਿਛੋਂ ਇਸ ਸਬੰਧੀ ਲਿਖਿਆ, ''ਉਹ ਕਿਸਾਨ ਦੀ ਧੀ ਸੀ। ਉਸ ਨੇ ਦੇਖਿਆ ਸੀ ਕਿ ਕਿਸਾਨ ਮਾਂ-ਬਾਪ ਸੂਰਜ ਚੜ੍ਹਣ ਤੋਂ ਪਹਿਲਾਂ ਖੇਤਾਂ ਵਿਚ ਚਲੇ ਜਾਂਦੇ ਹਨ ਅਤੇ ਹੱਡ ਤੋੜਵੀਂ ਮਿਹਨਤ ਕਰਦੇ ਹਨ। ਫ਼ੇਰ ਵੀ ਪਤਾ ਨਹੀਂ, ਫਸਲ ਹੋਣੀ ਹੈ ਕਿ ਫਾਕੇ ਕੱਟਣੇ ਪੈਣੇ ਹਨ। ਜੇ ਉਹ (ਮਾਂ) ਕੁਰਸੀ ਤੇ ਬੈਠਣ ਵਾਲੇ ਅਫ਼ਸਰ ਦੀ ਧੀ ਹੁੰਦੀ ਤਾਂ ਮੇਰੇ ਫੇਲ੍ਹ ਹੋਣ ਤੇ ਕਹਿੰਦੀ ਕਿ ਅਸੀਂ ਬੜੇ ਬਦਕਿਸਮਤ ਹਾਂ। ਹੁਣ ਤੂੰ ਕੁਰਸੀ ਤੇ ਬੈਠ ਕੇ ਕਲਮ ਹੱਥ ਵਿਚ ਲੈ ਕੇ ਕੰਮ ਨਹੀਂ ਸਕੇਂਗਾ।"

ਭਗਤ ਜੀ ਨੂੰ ਲਾਹੌਰ ਬੁਲਾ ਲਿਆ ਗਿਆ। ਉਥੇ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਗਿਆ ਪਰ ਪੜ੍ਹਾਈ ਵਿਚ ਭਗਤ ਜੀ ਦਾ ਮਨ ਲੱਗਾ ਨਹੀਂ।

ਹੁਣ?

ਏਧਰ ਓਧਰ ਘੁੰਮਣਾ!

ਪਰ ਕਦ ਤਕ?

ਹੌਲੀ ਹੌਲੀ ਡੇਹਰਾ ਸਾਹਿਬ ਗੁਰਦੁਆਰੇ ਜਾਣ ਲੱਗ ਪਏ। ਹੌਲੀ ਹੌਲੀ ਉਥੇ ਰਹਿਣ ਦਾ ਠਿਕਾਣਾ ਵੀ ਬਣ ਗਿਆ। ਆਪਣੇ ਆਪ ਨੂੰ ਭਗਤ ਜੀ ਨੇ ਗੁਰਦੁਆਰੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਵਿਚ ਲਾ ਗਿਆ। ਸੰਗਤਾਂ ਇਸ਼ਨਾਨ ਕਰਦੀਆਂ ਤਾਂ ਪਾਣੀ ਕੱਢਣ ਲਈ ਡੰਗਰ ਹੱਕਣ ਦਾ ਕੰਮ ਪੂਰਨ ਸਿੰਘ ਦੇ ਜ਼ਿੰਮੇਂ ਹੁੰਦਾ। ਡੰਗਰਾਂ ਲਈ ਚਾਰੇ ਦਾ ਪ੍ਰਬੰਧ ਵੀ ਉਹੀ ਕਰਦਾ । ਫਿਰ ਲੰਗਰ ਦੀ ਵਾਰੀ ਆਉਂਦੀ। ਪਹਿਲਾਂ ਬਰਤਨ ਸਾਫ਼ ਕਰਨ ਦੀ ਸੇਵਾ ਹੁੰਦੀ, ਫੇਰ ਰੋਟੀਆਂ ਵੇਲਣ ਅਤੇ ਸੇਕਣ ਵੱਲ ਪੈਂਦੇ। ਲੰਗਰ ਤਿਆਰ ਹੋਇਆ ਤਾਂ ਵਰਤਾਵੇ ਦੀ ਸੇਵਾ ਸ਼਼ੁਰੂ ਹੋ ਗਈ। ਬਰਤਨ ਸਾਫ਼ ਕਰਨ ਪਿਛੋਂ ਲਾਂਗਰੀ ਆਦਿ ਤਾਂ ਸੌਂ ਜਾਂਦੇ ਪਰ ਭਗਤ ਜੀ ਜਾਗਦੇ ਰਹਿੰਦੇ, ''ਪਤਾ ਨਹੀਂ, ਕਦ ਕੋਈ ਆ ਜਾਵੇ। ਕੋਈ ਤਾਂ ਹੋਵੇ ਜੋ ਮਹੰਤ ਜੀ ਨੂੰ ਆਉਣ ਵਾਲੇ ਦੀ ਸੂਚਨਾ ਦੇ ਸਕੇ। ਨਹੀਂ ਤਾਂ ਦਰਸ਼ਨ ਕਰਨ ਆਇਆ ਤਾਂ ਭੁੱਖਾ ਹੀ ਰਹਿ ਜਾਇਗਾ।"

ਸ਼ਾਮ ਨੂੰ ਪਹਿਲਾਂ ਗੁਰਦੁਆਰੇ ਦੇ ਫ਼ਰਸ਼ ਸਾਫ਼ ਕਰਨ, ਫੇਰ ਲੰਗਰ ਵਿਚ ਸੇਵਾ ਕਰਨੀ। ਏਥੇ ਰਹਿੰਦਿਆਂ 1932 ਈਸਵੀ ਵਿਚ ਉਹ ਸਿੰਘ ਸਜੇ। ਇਸ ਤੋਂ ਪਹਿਲਾਂ ਉਹ ਹਿੰਦੂ ਮੰਨੇ ਜਾਂਦੇ ਸਨ, ਰਾਮ ਜੀ ਦਾਸ ਉਨ੍ਹਾਂ ਦਾ ਨਾਂ ਸੀ। ਬਚਪਨ ਹਿੰਦੂ ਸੰਸਕਾਰਾਂ ਵਿਚ ਹੀ ਬੀਤਿਆ ਸੀ ਪਰ ਗੁਰੂ ਘਰ ਪ੍ਰਤੀ ਸ਼ਰਧਾ ਸੀ। ਗੁਰੂ ਘਰ ਨੇ ਹੀ ਉਸ ਸਮੇਂ ਆਸਰਾ ਦਿੱਤਾ ਸੀ ਜਦੋਂ ਬੀਮਾਰ ਮਾਂ ਨੂੰ ਲੈ ਕੇ ਉਹ ਡੇਢ ਵਰ੍ਹੇ ਤੱਕ ਅੰਮ੍ਰਿਤਸਰ, ਤਰਨਤਾਰਨ ਅਤੇ ਛੇਹਰਟਾ ਸਾਹਿਬ ਵਿਖੇ ਰਹੇ।

ਡੇਹਰਾ ਸਾਹਿਬ ਵਿਖੇ ਸੇਵਾ ਕਰਦਿਆਂ ਇੱਕ ਘਟਨਾ ਘਟੀ: ਗੁਰਦੁਆਰੇ ਦੀ ਛੱਤ ਤੋਂ ਇੱਕ ਸ਼ਰਧਾਲੂ ਡਿਗ ਪਿਆ। ਭਗਤ ਜੀ ਉਸ ਨੂੰ ਰਾਤ ਸਮੇਂ ਹੀ ਉਸ ਸਮੇਂ ਦੇ ਪ੍ਰਸਿੱਧ ''ਮਿਊ ਹਸਪਤਾਲ" ਲੈ ਗਏ। ਡਾਕਟਰ ਲੱਭ ਕੇ ਇਲਾਜ ਕਰਵਾਇਆ। ਡਿਗਣ ਵਾਲਾ ਠੀਕ ਹੋਇਆ ਤਾਂ ਭਗਤ ਜੀ ਨੇ ਅੰਦਰੂਨੀ ਖੁਸ਼ੀ ਮਹਿਸੂਸ ਕੀਤੀ।

ਇਸੇ ਖੁਸ਼ੀ ਨੂੰ ਬਨਾਉਣ ਅਤੇ ਵਧਾਉਣ ਲਈ ਉਹ ਗੁਰਦੁਆਰੇ ਦਰਸ਼ਨਾਰਥ ਆਏ ਅਜਿਹੇ ਮਰੀਜ਼ ਨੂੰ ਹਸਪਤਾਲ ਲੈ ਕੇ ਗਏ ਜਿਸ ਦੇ ਪੈਰਾਂ ਵਿਚ ਕੀੜੇ ਪਏ ਹੋਏ ਸਨ। ਉਸ ਮਰੀਜ਼ ਨੇ ਭਗਤ ਜੀ ਦਾ ਧੰਨਵਾਦ ਕਰਦਿਆਂ ਕਿਹਾ, ''ਪੁੱਤਰ! ਹੁਣ ਮੈਂ ਸ਼ਾਂਤੀ ਨਾਲ ਮਰ ਸਕਦਾ ਹਾਂ।"

ਇਸ ਦੇ ਨਾਲ ਹੀ ਭਗਤ ਜੀ ਦੀ ਸੇਵਾ ਦਾ ਰਸਤਾ ਬਦਲ ਗਿਆ।

ਉਹ ਗੁਰਦੁਆਰੇ ਵਿਚ ਸੇਵਾ ਕਰਨ ਨੂੰ ਵਧੇਰੇ ਸਮਾਂ ਦੇਣ ਦੀ ਥਾਂ ਬਾਹਰ ਘੁੰਮ ਫਿਰ ਕੇ ਰੋਗੀਆਂ, ਅਪਾਹਜਾਂ ਨੂੰ ਲੱਭਦੇ ਅਤੇ ਹਸਪਤਾਲ ਛੱਡ ਕੇ ਆਉਂਦੇ। ਲਗਦੀ ਵਾਹ ਉਨ੍ਹਾਂ ਦੀ ਹਰ ਸੇਵਾ ਕਰਦੇ। ਇੱਕ ਭਿਖਾਰਨ ਜੋ ਦਸਤ ਦੇ ਰੋਗ ਨਾਲ ਪੀੜਤ ਸੀ, ਦੇ ਕੱਪੜੇ ਤੱਕ ਭਗਤ ਜੀ ਨੇ ਧੋਏ।

ਇਸੇ ਸਮੇਂ ਭਗਤ ਜੀ ਨੂੰ ਪੜ੍ਹਣ ਦੀ ਲਗਨ ਵੀ ਲੱਗੀ। ਲਾਹੌਰ ਵਿਖੇ ਦਿਆਲ ਸਿੰਘ ਲਾਇਬਰੇਰੀ ਵਿਚ ਜਾ ਕੇ ਬੈਠ ਜਾਂਦੇ ਅਤੇ ਵੱਧ ਤੋਂ ਵੱਧ ਪੜ੍ਹਣ ਦਾ ਯਤਨ ਕਰਦੇ। ਦਸਵੀਂ ਪਾਸ ਨਾ ਕਰ ਸਕਣ ਵਾਲਾ ਵਿਦਿਆਰਥੀ ਬਹੁਤ ਜਲਦੀ ਵੱਡਮੁੱਲੀ ਜਾਣਕਾਰੀ ਦਾ ਭੰਡਾਰ ਬਣ ਗਿਆ। ਏਸ ਜਾਣਕਾਰੀ ਦੇ ਦਰਸ਼ਨ ਭਗਤ ਜੀ ਦੀਆਂ ਪੁਸਤਕਾਂ ਅਤੇ ਮੈਗ਼ਜ਼ੀਨ ਵਿਚੋਂ ਹੁੰਦੇ ਹਨ।

1934 ਈਸਵੀ ਵਿਚ ਕੱਤਕ ਦੀ ਪੁੰਨਿਆਂ ਨੂੰ ਵਾਪਰੀ ਇੱਕ ਘਟਨਾ ਨੇ ਭਗਤ ਪੂਰਨ ਸਿੰਘ ਨੂੰ ਸੇਵਾ ਦੇ ਬੰਧਨ ਵਿਚ ਬੰਨ੍ਹ ਦਿੱਤਾ। ਚਾਰ ਸਾਲ ਦੇ ਇੱਕ ਲੂਲੇ ਬੱਚੇ ਨੂੰ ਕੋਈ ਵਿਅਕਤੀ ਡੇਹਰਾ ਸਾਹਿਬ ਦੇ ਬੂਹੇ 'ਚ ਛੱਡ ਗਿਆ। ਉਸ ਬੱਚੇ ਨੂੰ ਡੇਹਰਾ ਸਾਹਿਬ ਦੇ ਹੈੱਡ ਗ੍ਰੰਥੀ ਜਥੇਦਾਰ ਅੱਛਰ ਸਿੰਘ ਨੇ ਅਰਦਾਸ ਕਰਨ ਪਿਛੋਂ ਭਗਤ ਜੀ ਦੀ ਝੋਲੀ ਵਿਚ ਪਾ ਦਿੱਤਾ। ਇਸ ਬੱਚੇ ਨੂੰ ਭਗਤ ਪੂਰਨ ਸਿੰਘ ਨੇ ਹੀ ਤੋੜ ਚੜ੍ਹਾਉਣਾ ਸੀ।

ਪਿਆਰਾ ਸਿੰਘ ਨਾਂ ਦੇ ਇਸ ਪਿੰਗਲੇ ਨੇ ਭਗਤ ਜੀ ਨੂੰ ਦੁੱਖੀ, ਅਪਾਹਜ ਮਾਨਵਤਾ ਵਲ ਸੇਵਾ ਲਈ ਮੋੜ ਦਿੱਤਾ।

ਦੇਸ਼ ਦੀ ਵੰਡ ਸਮੇਂ ਭਗਤ ਜੀ ਲਾਹੌਰ ਤੋਂ ਅੰਮ੍ਰਿਤਸਰ ਪਹੁੰਚੇ। ਰੀਫਿਊਜੀ ਕੈਂਪਾਂ ਵਿਚੋਂ ਮਿਲੇ ਸੱਤ ਬੱਚਿਆਂ ਨੇ ਭਗਤ ਜੀ ਲਈ ਚੁਣੌਤੀ ਖੜ੍ਹੀ ਕਰ ਦਿੱਤੀ। ਰਹਿਣ ਲਈ ਕੋਈ ਥਾਂ ਨਹੀਂ, ਖਾਣ ਲਈ ਕੋਈ ਸਾਧਨ ਨਹੀਂ। ਬੱਚੇ ਵੀ ਸਿਹਤਮੰਦ ਨਹੀਂ ਸਨ। ਉਨ੍ਹਾਂ ਦੀ ਸਰੀਰਕ ਅਯੋਗਤਾ ਅਤੇ ਬੀਮਾਰੀ ਕਾਰਣ ਕੋਈ ਉਨ੍ਹਾਂ ਦੇ ਨੇੜੇ ਨਹੀਂ ਸੀ ਢੁੱਕਦਾ ਸਗੋਂ ਆਪਣੇ ਗੁਆਂਢ ਵਿਚ ਰਹਿਣ ਤੱਕ ਦੀ ਆਗਿਆ ਤਕ ਨਹੀਂ ਦਿੰਦਾ ਸੀ।

ਭਗਤ ਜੀ ਨੇ ਇਸ ਸਥਿਤੀ ਨੂੰ ਬਿਆਨਦਿਆਂ ਲਿਖਿਆ, ''18 ਅਗਸਤ, 1947 ਨੂੰ ਬਤੌਰ ਸ਼ਰਨਾਰਥੀ ਗੁਰਦੁਆਰਾ ਡੇਹਰਾ ਸਹਿਬ, ਲਾਹੌਰ ਤੋਂ ਅੰਮ੍ਰਿਤਸਰ ਪਹੁੰਚਾ। ਮੇਰੀ ਪਿੱਠ 'ਤੇ ਇੱਕ ਲੂਲਾ ਲੜਕਾ ਸੀ ਅਤੇ ਧਨ ਦੇ ਨਾਂ 'ਤੇ ਮੇਰੇ ਕੋਲ ਇੱਕ ਰੁਪੈ ਪੰਜ ਆਨੇ ਦੀ ਰਕਮ ਸੀ। ਮੈਂ ਆਪਣੇ ਨਾਲ ਮਰਨ ਕਿਨਾਰੇ ਬੈਠਾ ਇੱਕ ਬਜ਼ੁਰਗ ਵੀ ਲਿਆਇਆ ਸਾਂ। ਖਾਲਸਾ ਕਾਲਜ ਦੇ ਇੱਕ ਸ਼ਰਨਾਰਥੀ ਕੈਂਪ ਵਿਚ ਠਾਹਰ ਮਿਲੀ। ਉਥੇ 23 ਤੋਂ 25 ਹਜ਼ਾਰ ਤੱਕ ਸ਼ਰਨਾਰਥੀ ਔਰਤਾਂ, ਮਰਦ ਅਤੇ ਬੱਚੇ ਸਨ। ਉਨ੍ਹਾਂ ਵਿਚੋਂ ਕਈ ਰੋਗੀ ਸਨ, ਕਈ ਆਪਣੀ ਸੰਭਾਲ ਕਰਨੋਂ ਅਸਮਰੱਥ, ਕਮਜ਼ੋਰ ਵੀ ਸਨ। ਸਰਕਾਰ ਵਲੋਂ ਉਨ੍ਹਾਂ ਦੀ ਦੇਖ ਭਾਲ ਕਰਨ ਦਾ ਕੋਈ ਪ੍ਰਬੰਧ ਨਹੀਂ ਸੀ। ਮੈਂ ਇੱਕਲਿਆਂ ਹੀ ਉਨ੍ਹਾਂ ਸਾਰੇ ਰੋਗੀਆਂ ਅਤੇ ਅਪਾਹਜਾਂ ਨੂੰ ਸੰਭਾਲਿਆ। ਇੰਨ੍ਹਾਂ ਵਿਚ ਇੱਕ ਅਪਾਹਜ ਅਜਿਹਾ ਵੀ ਸੀ ਜਿਸ ਦੀ ਲੱਤ ਵਿਚ ਕੀੜੇ ਪਏ ਹੋਏ ਸਨ। ਮੈਂ ਕਲੋਰੋਫਾਰਮ ਅਤੇ ਤਾਰਪੀਨ ਦਾ ਤੇਲ ਮਿਲਾ ਕੇ ਉਸ ਦੇ ਕੀੜੇ ਕੱਢੇ। ਦੋਵੇਂ ਵੇਲੇ ਮੈਂ ਨੇੜੇ ਦੀਆਂ ਅਬਾਦੀਆਂ ਵਿਚ ਜਾਂਦਾ ਅਤੇ ਪ੍ਰਸ਼ਾਦੇ ਮੰਗ ਕੇ ਲਿਆਉਂਦਾ......."

ਆਜ਼ਾਦੀ ਤੋਂ ਲੈ ਕੇ 1958 ਈ. ਤੱਕ ਗਿਆਰਾਂ ਸਾਲ ਭਗਤ ਜੀ ਨੂੰ ਰਹਿਣ ਲਈ ਕੋਈ ਪੱਕਾ ਟਿਕਾਣਾ ਨਹੀਂ ਮਿਲਿਆ। ਅੰਮ੍ਰਿਤਸਰ ਵਿਚ ਦਾਨ ਦੀ ਵੱਡੀ ਮਹਿਮਾ ਹੈ-ਖਾਣ ਪੀਣ ਲਈ ਲੋਕ ਖੁਲ੍ਹ-ਦਿਲੀ ਨਾਲ ਦੇ ਦਿੰਦੇ ਹਨ ਪਰ ਬੀਮਾਰ ਬੱਚਿਆਂ, ਬੁੱਢਿਆਂ ਨੂੰ ਕੋਈ ਨੇੜੇ ਨਹੀਂ ਲੱਗਣ ਦਿੰਦਾ। ਚੀਫ਼ ਖਾਲਸਾ ਦੀਵਾਨ ਦੇ ਦਫ਼ਤਰ ਦੇ ਬਾਹਰ, ਰੇਲਵੇ ਸਟੇਸ਼ਨ, ਡਾਕਖਾਨੇ, ਗੁਰੂ ਤੇਗ ਬਹਾਦਰ ਹਸਪਤਾਲ ਦੇ ਬਾਹਰ ਇੱਕ ਦਰਖਤ ਹੇਠਾਂ, ਸਿਵਲ ਸਰਜਨ ਦੇ ਦਫਤਰ ਨਾਲ ਲਗਦੀ ਨਿਕਾਸੀ ਜ਼ਮੀਨ, ਰਾਮਤਲਾਈ ਆਦਿ ਕਈ ਥਾਵਾਂ ਬਦਲੀਆਂ। ਕਈਆਂ ਨੇ ਨਿੱਜੀ ਅਤੇ ਸੰਸਥਾਗਤ ਤੌਰ ਤੇ ਮਦਦ ਵੀ ਕੀਤੀ ਪਰ ਬਹੁਤਿਆਂ ਰੁਕਾਵਟਾਂ ਹੀ ਪੈਦਾ ਕੀਤੀਆਂ। ਆਖੀਰ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਬਣਾਈ, ਰਜਿਸਟਰ ਕਰਾਈ। ਸਰਕਾਰ ਨੇ ਇੱਕ ਪਲਾਟ ਜਗ੍ਹਾ ਲਈ ਦਿੱਤਾ ਤਾਂ ਜਾ ਕੇ ਭਗਤ ਜੀ ਦੇ ਪੈਰ ਟਿਕੇ। ਉਨ੍ਹਾਂ ਇਸ ਠਾਹਰ ਨੂੰ ਅਪਾਹਜ, ਨਿਰਾਸ਼, ਮਜਬੂਰ ਮਨੁੱਖਤਾ ਲਈ ਆਦਰ ਨਾਲ ਜੀਊਣਯੋਗ ਸਵਰਗ ਸਿਰਜਨ ਲਈ ਕਮਰ ਕੱਸ ਲਈ।

1992 ਈ. ਤੱਕ, ਜਦੋਂ ਭਗਤ ਜੀ ਚਲਾਣਾ ਕਰ ਗਏ, ਇਹ ਸੰਸਥਾ ਵਿਸ਼ਵ ਵਿਆਪੀ ਰੂਪ ਧਾਰਨ ਕਰ ਚੁੱਕੀ ਸੀ। ਉਨ੍ਹਾਂ ਨੇ ਜੀ. ਟੀ. ਰੋਡ, ਅੰਮ੍ਰਿਤਸਰ ਵਿਖੇ ਸਥਿਤ ਇਮਾਰਤ ਤੋਂ ਬਿਨਾਂ ਬਹੁਤ ਸਾਰੀਆਂ ਹੋਰ ਇਮਾਰਤਾਂ ਵੀ ਉਸਾਰੀ ਵੀ ਕਰਵਾ ਲਈ ਸੀ। ਇਸ ਸੰਸਥਾ ਦਾ ਉਸ ਸਮੇਂ ਬਜਟ ਸਵਾ ਕਰੋੜ ਰੁਪੈ ਸਾਲਾਨਾ ਤੋਂ ਵੱਧ ਗਿਆ ਸੀ।

ਇਹ ਸਾਰੀ ਜਦੋ-ਜਹਿਦ ਅਤੇ ਪ੍ਰਾਪਤੀ ਕਿਸੇ ਕਰਾਮਾਤ ਕਰਨ ਤੋਂ ਘੱਟ ਰੌਚਕ ਨਹੀਂ। ਇਸ ਦਾ ਜ਼ਿਕਰ ਕਦੇ ਫੇਰ!

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Announcement Re: ਨਿਸ਼ਕਾਮ ਸੇਵਾ ਦਾ ਸੂਰਜ

Post by parampreet kaur on Mon Aug 20, 2012 12:38 am

wow the great......
avatar
parampreet kaur

Posts : 314
Reputation : 84
Join date : 19/08/2012
Age : 54
Location : ludhiana(punjab)

Back to top Go down

Announcement Re: ਨਿਸ਼ਕਾਮ ਸੇਵਾ ਦਾ ਸੂਰਜ

Post by manjeet kaur on Thu Sep 13, 2012 2:39 pm

excellent article.tfs.
avatar
manjeet kaur

Posts : 241
Reputation : 95
Join date : 13/09/2012
Age : 41
Location : new delhi

Back to top Go down

Announcement Re: ਨਿਸ਼ਕਾਮ ਸੇਵਾ ਦਾ ਸੂਰਜ

Post by Sponsored content


Sponsored content


Back to top Go down

Back to top


 
Permissions in this forum:
You cannot reply to topics in this forum