Punjabi Likari Forums
Sat Sri Akal

ਸਾਡਾ ਪੰਜਾਬੀ ਵਿਰਸਾ!

Go down

Announcement ਸਾਡਾ ਪੰਜਾਬੀ ਵਿਰਸਾ!

Post by Admin on Sat May 26, 2012 9:15 pm

ਵਿਰਸਾ ਬਜ਼ੁਰਗਾਂ ਵਲੋਂ ਪੀੜ੍ਹੀ-ਦਰ-ਪੀੜ੍ਹੀ ਦਿੱਤੀਆਂ ਚੀਜ਼ਾਂ ਹਨ। ਇਹ ਚੀਜ਼ਾਂ ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ (tangible) ਵੀ ਹੋ ਸਕਦੀਆਂ ਹਨ, ਅਤੇ ਇਹ ਚੀਜ਼ਾਂ ਨਾ ਛੋਹੀਆਂ ਜਾਣ ਵਾਲੀਆਂ (intangible) ਵੀ ਹੋ ਸਕਦੀਆਂ ਹਨ। ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ ਚੀਜ਼ਾਂ ਵਿੱਚ ਜ਼ਮੀਨ ਅਤੇ ਹੋਰ ਜਾਇਦਾਦ ਆ ਜਾਂਦੀ ਹੈ। ਨਾ ਛੋਹੀਆਂ ਜਾ ਸਕਣ ਵਾਲੀਆਂ ਚੀਜ਼ਾਂ ਵਿੱਚ ਸਾਡੇ ਸੁਭਾਅ ਵਗੈਰਾ ਆ ਜਾਂਦੇ ਹਨ।

ਵਿਰਸਾ ਨਿੱਜੀ ਵੀ ਹੋ ਸਕਦਾ ਹੈ, ਪਰਿਵਾਰਕ ਵੀ, ਅਤੇ ਸਮਾਜਿਕ ਵੀ। ਅਸੀਂ ਆਮ ਤੌਰ ਤੇ ਵਿਰਸੇ ਦੀ ਗੱਲ ਕਰਦਿਆਂ ਠੋਸ ਪਦਾਰਥਾਂ ਦੀ ਗੱਲ ਹੀ ਕਰਦੇ ਹਾਂ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਵਰਣਨ ਡਾ. ਘਣਗਸ ਜੀ ਨੇ ਆਪਣੇ ਲੇਖ ਵਿੱਚ ਕੀਤਾ ਹੈ। ਇਨ੍ਹਾਂ ਠੋਸ ਚੀਜ਼ਾਂ ਵਿੱਚ ਵਡੇਰਿਆਂ ਤੋਂ ਬੱਚਿਆਂ ਨੂੰ ਮਿਲੀ ਜ਼ਮੀਨ, ਘਰ, ਕਪੜੇ, ਪਸ਼ੂ, ਗਹਿਣੇ, ਆਦਿ ਤੋਂ ਬਿਨਾਂ ਹੋਰ ਬਹੁਤ ਸਾਰੇ ਪਦਾਰਥ ਹੋ ਸਕਦੇ ਹਨ ਜਿਵੇਂ ਦੁਕਾਨ, ਬਿਜ਼ਨਸ, ਸਾਈਕਲ, ਕਾਰ, ਰੇਡੀਓ, ਟੀ.ਵੀ., ਕੈਮਰਾ ਆਦਿ ਆਦਿ। ਪਰ ਇਨ੍ਹਾਂ ਠੋਸ ਪਦਾਰਥਾਂ ਤੋਂ ਬਿਨ੍ਹਾਂ ਇਨਸਾਨ ਨੂੰ ਹੋਰ ਬਹੁਤ ਕੁਝ ਵਡੇਰਿਆਂ ਵਲੋਂ ਵਿਰਾਸਤ ਵਿੱਚ ਮਿਲਦਾ ਹੈ ਜਿਨ੍ਹਾਂ ਵਿੱਚੋਂ ਕੁਝ ਨੂੰ ਅਸੀਂ ਦੇਖ ਜਾਂ ਛੋਹ ਨਹੀਂ ਸਕਦੇ। ਕੁਝ ਨੂੰ ਦੇਖ ਜਾਂ ਮਹਿਸੂਸ ਕਰ ਸਕਦੇ ਹਾਂ ਪਰ ਛੋਹ ਨਹੀਂ ਸਕਦੇ। ਸਾਨੂੰ ਆਪਣੇ ਵਡੇਰਿਆਂ ਵਲੋਂ ਸੁਭਾਅ, ਆਦਤਾਂ, ਤੰਦਰੁਸਤੀ ਜਾਂ ਬਿਮਾਰੀਆਂ ਦੇ ਜੀਨ (gene), ਮਾਣ-ਇੱਜ਼ਤ, ਆਦਿ ਆਦਿ ਵਿਰਸੇ ਵਿੱਚ ਮਿਲਦੇ ਹਨ। ਡਾ. ਘਣਗਸ ਜੀ ਨੇ ਸ਼ਕਲਾਂ ਦਾ ਜ਼ਿਕਰ ਤਾਂ ਕਰ ਹੀ ਦਿੱਤਾ ਹੈ। ਬਹੁਤੀ ਵਾਰੀ ਬੱਚਿਆਂ ਦੇ ਸੁਭਾਅ ਬਿਲਕੁਲ ਓਹੋ ਜਿਹੇ ਬਣ ਜਾਂਦੇ ਹਨ ਜਿਸ ਤਰ੍ਹਾਂ ਦੇ ਸੁਭਾਅ ਮਾਂ-ਪਿਓ ਜਾਂ ਘਰ ਵਿੱਚ ਰਹਿੰਦੇ ਹੋਰ ਵੱਡਿਆਂ ਮੈਂਬਰਾਂ ਦੇ ਹੋਣ। ਰੋਜ਼ਾਨਾ ਮਾਂ ਪਿਓ ਅਤੇ ਹੋਰ ਵਡੇਰਿਆਂ ਦੇ ਵਿਵਹਾਰਾਂ ਨੂੰ ਦੇਖ ਕੇ ਬੱਚੇ ਵੀ ਬਹੁਤ ਵਾਰੀ ਉਸੇ ਤਰ੍ਹਾਂ ਦਾ ਵਿਵਹਾਰ ਕਰਨ ਲੱਗ ਪੈਂਦੇ ਹਨ। ਜੇ ਮਾਂ ਪਿਓ ਬਹੁਤ ਹੀ ਚੰਗੇ ਸੁਭਾਅ ਦੇ ਹੋਣ, ਦੂਜਿਆਂ ਨਾਲ ਹਮਦਰਦੀ ਕਰਨ ਵਾਲੇ ਹੋਣ, ਦੂਜਿਆਂ ਦੀ ਮਦਦ ਕਰਨ ਵਾਲੇ ਹੋਣ, ਦੂਜਿਆਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਲੇ ਹੋਣ, ਨਿਮਰਤਾ ਵਾਲੇ ਹੋਣ, ਹਸਮੁਖ ਹੋਣ, ਤਾਂ ਆਮ ਤੌਰ ਤੇ ਬੱਚਿਆਂ ਵਿੱਚ ਵੀ ਇਹ ਗੁਣ ਆ ਜਾਂਦੇ ਹਨ। ਪਰ ਜੇ ਮਾਂ ਪਿਓ ਗੁੱਸੇ, ਕਰੋਧ, ਹੰਕਾਰ, ਅਤੇ ਈਰਖਾ ਨਾਲ ਭਰੇ ਹੋਣ ਤਾਂ ਬਹੁਤੀ ਵਾਰੀ ਬੱਚਿਆਂ ਵਿੱਚ ਵੀ ਇਹ ਔਗੁਣ ਆ ਜਾਂਦੇ ਹਨ। ਕਈ ਵਾਰੀ ਜੇ ਪਿਓ ਅਮਲੀ ਜਾਂ ਸ਼ਰਾਬੀ ਹੋਵੇ ਤਾਂ ਪੁੱਤਰਾਂ ਵਿੱਚ ਵੀ ਇਹ ਔਗੁਣ ਆ ਜਾਂਦਾ ਹੈ। ਜਾਂ ਜੇ ਮਾਂ ਪਿਓ ਵਿੱਚ ਕੋਈ ਹੋਰ ਔਗੁਣ ਹੋਵੇ ਤਾਂ ਬਹੁਤੀ ਵਾਰੀ ਉਹ ਔਗੁਣ ਬੱਚੇ ਵੀ ਅਪਣਾ ਲੈਂਦੇ ਹਨ। ਪਰ ਕਈ ਵਾਰੀ ਮਾਂ ਪਿਓ ਦੇ ਮਾੜੇ ਕੰਮ ਦੇਖ ਕੇ ਬੱਚੇ ਮਾੜੀਆਂ ਆਦਤਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਵੀ ਕਰਦੇ ਹਨ। ਮੁੱਕਦੀ ਗੱਲ ਇਹ ਕਿ ਬੱਚਿਆਂ ਦੇ ਸੁਭਾਅ ਖੂਨ ਦੇ ਰਿਸ਼ਤੇ ਰਾਹੀਂ ਜਾਂ ਮਾਂ ਪਿਓ ਵਲ ਵੇਖ ਕੇ ਇਕ ਰੂਪ ਧਾਰਨ ਕਰ ਲੈਂਦੇ ਹਨ। ਵੇਸੇ ਕੁਝ ਸੁਭਾਅ ਅਤੇ ਆਦਤਾਂ ਸਮਾਜ ਵਲ ਦੇਖ ਕੇ ਵੀ ਅਪਣਾ ਲਏ ਜਾਂਦੇ ਹਨ। ਜਿਵੇਂ ਕਿ ਬਹੁਤੇ ਪੰਜਾਬੀਆਂ ਦੀਆਂ ਕਈ ਆਦਤਾਂ ਅਤੇ ਸੁਭਾਅ ਲੱਗ ਭਗ ਇੱਕੋ ਜਿਹੇ ਹਨ। ਇਸ ਤਰ੍ਹਾਂ ਸਾਨੂੰ ਬਹੁਤ ਸਾਰੀਆਂ ਚੰਗੀਆਂ ਅਤੇ ਮੰਦੀਆਂ ਆਦਤਾਂ ਵਿਰਸੇ ਵਿੱਚ ਮਿਲਦੀਆਂ ਹਨ।

ਕਈ ਵਾਰੀ ਸਾਨੂੰ ਕੋਈ ਕਲਾ ਜਾਂ ਕਿੱਤਾ ਵੀ ਵਿਰਸੇ ਵਿੱਚ ਮਿਲਦਾ ਹੈ। ਜਿਵੇਂ ਕਿ ਜੇ ਘਰ ਵਿੱਚ ਕੋਈ ਮੈਂਬਰ – ਦਾਦਾ, ਦਾਦੀ, ਮਾਂ, ਪਿਓ, ਵੱਡਾ ਭਰਾ ਜਾਂ ਭੈਣ ਆਦਿ – ਚਿੱਤਰਕਾਰ ਹੋਵੇ ਤਾਂ ਇਸਦਾ ਅਸਰ ਸਾਡੇ ਤੇ ਪੈ ਸਕਦਾ ਹੈ ਅਤੇ ਅਸੀਂ ਵੀ ਚਿੱਤਰਕਾਰੀ ਵਿੱਚ ਦਿਲਚਸਪੀ ਲੈਣ ਲੱਗ ਸਕਦੇ ਹਾਂ। ਜੇ ਘਰ ਵਿੱਚ ਕੋਈ ਮੈਂਬਰ ਸਾਹਿਤਕਾਰ ਹੋਵੇ ਤਾਂ ਸਾਡੇ ਤੇ ਇਸਦਾ ਅਸਰ ਪੈ ਸਕਦਾ ਹੈ। ਕੁਝ ਦਹਾਕੇ ਪਹਿਲਾਂ ਤੱਕ ਬੱਚਿਆਂ ਨੂੰ ਆਰਥਿਕ ਕਿੱਤੇ ਅਤੇ ਨੌਕਰੀਆਂ ਵੀ ਜਾਤਾਂ ਦੇ ਅਧਾਰ ਤੇ ਮਾਂ ਪਿਓ ਵਲੋਂ ਹੀ ਵਿਰਸੇ ਵਿੱਚ ਮਿਲਦੀਆਂ ਸਨ। ਚੰਗੀ ਗੱਲ ਇਹ ਹੈ ਕਿ ਕਿੱਤਿਆਂ ਅਤੇ ਨੌਕਰੀਆਂ ਦੀ ਪ੍ਰਾਪਤੀ ਵਿਰਸੇ ਵਿੱਚ ਜਾਤਾਂ ਦੇ ਅਧਾਰ ਤੇ ਮਿਲਣੀ ਹੌਲੀ ਹੌਲੀ ਖ਼ਤਮ ਹੋ ਰਹੀ ਹੈ।

ਸ਼ਾਇਦ ਸਭ ਤੋਂ ਵੱਡੀ ਚੀਜ਼ ਜੋ ਪੰਜਾਬੀਆਂ ਨੂੰ ਵਿਰਸੇ ਵਿੱਚ ਮਿਲੀ ਹੈ ਉਹ ਹੈ ਪੰਜਾਬੀ ਬੋਲੀ। ਬੋਲੀ ਤੋਂ ਵਧ ਕੇ ਵਿਰਸੇ ਵਿੱਚ ਮਿਲੀ ਹੋਰ ਕੋਈ ਵੀ ਚੀਜ਼ ਜ਼ਿਆਦਾ ਮਹੱਤਤਾ ਵਾਲੀ ਨਹੀਂ ਹੋ ਸਕਦੀ। ਸਭ ਤੋਂ ਖ਼ੂਬਸੂਰਤ ਤਾਂ ਕਹਿਣਾ ਵੀ ਨਹੀਂ ਚਾਹੀਦਾ ਅਤੇ ਕਹਿ ਵੀ ਨਹੀਂ ਸਕਦੇ ਜਦੋਂ ਤੱਕ ਅਸੀਂ ਸਾਰੀਆਂ ਬੋਲੀਆਂ ਨੂੰ ਨਾ ਜਾਣਦੇ ਹੋਈਏ ਪਰ ਇੰਨਾ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਪੰਜਾਬੀ ਬੋਲੀ ਇਕ ਖ਼ੂਬਸੂਰਤ ਬੋਲੀ ਹੈ ਅਤੇ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ।

ਦੂਸਰੀ ਚੀਜ਼ ਜੋ ਸਾਨੂੰ ਪੰਜਾਬੀਆਂ ਨੂੰ ਵਿਰਸੇ ਵਿੱਚ ਮਿਲੀ ਹੈ ਉਹ ਹੈ ਕਈ ਧਰਮਾਂ ਦੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਨਾਲ ਰਲ ਮਿਲ ਕੇ ਇਕੱਠੇ ਰਹਿਣਾ। ਦੁਨੀਆਂ ਵਿੱਚ ਬਹੁਤ ਘੱਟ ਮੁਲਕ ਹਨ ਜਿੱਥੇ ਕਈ ਧਰਮਾਂ ਦੇ ਲੋਕ ਸਦੀਆਂ ਲਈ ਇਕ ਦੂਜੇ ਨਾਲ ਇੰਨੇ ਪਿਆਰ ਅਤੇ ਸਤਿਕਾਰ ਨਾਲ ਵਸਦੇ ਰਹੇ ਹੋਣ। ਬਹੁਤੇ ਮੁਲਕਾਂ ਵਿੱਚ ਸਿਰਫ਼ ਇੱਕੋ ਧਰਮ ਦੇ ਲੋਕ ਵਸਦੇ ਰਹੇ ਹਨ। ਹੁਣ ਪਿਛਲੇ ਥੋੜ੍ਹੇ ਦਹਾਕਿਆਂ ਵਿੱਚ ਮੁਲਕਾਂ ਵਿਚਾਲੇ ਆਵਾਜਾਈ ਅਤੇ ਪ੍ਰਵਾਸ ਵਧਣ ਨਾਲ ਬਹੁਤ ਸਾਰੇ ਮੁਲਕਾਂ ਵਿੱਚ ਕਈ ਕਈ ਧਰਮਾਂ ਦੇ ਲੋਕ ਵਸਣ ਲੱਗੇ ਹਨ। ਸਾਨੂੰ ਪੰਜਾਬੀਆਂ ਨੂੰ ਇਹ ਗਿਆਨ ਵਿਰਸੇ ਵਿੱਚ ਮਿਲਿਆ ਹੈ ਕਿ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਬੁੱਧ, ਜੈਨ ਆਦਿ ਧਰਮ ਕੀ ਹਨ ਅਤੇ ਇਨ੍ਹਾਂ ਧਰਮਾਂ ਵਿੱਚ ਯਕੀਨ ਰੱਖਣ ਵਾਲੇ ਇਨਸਾਨ ਕੌਣ ਹਨ। ਬਹੁਤੇ ਪੰਜਾਬੀ ਸਭ ਧਰਮਾਂ ਦੇ ਇਨਸਾਨਾਂ ਨੂੰ ਪਿਆਰ ਕਰਦੇ ਹਨ, ਇਕ ਦੂਜੇ ਦਾ ਸਤਿਕਾਰ ਕਰਦੇ ਹਨ, ਅਤੇ ਰਲ ਮਿਲ ਕੇ ਰਹਿੰਦੇ ਹਨ। ਭਾਵੇਂ ਥੋੜ੍ਹੇ ਬਹੁਤ ਪੰਜਾਬੀ ਕੱਟੜ ਵੀ ਹਨ ਜੋ ਦੂਜੇ ਧਰਮਾਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੇ।

ਅਗਲੀ ਵਡਮੁੱਲੀ ਚੀਜ਼ ਜੋ ਸਾਨੂੰ ਪੰਜਾਬੀਆਂ ਨੂੰ ਵਿਰਸੇ ਵਿੱਚ ਮਿਲੀ ਹੈ ਉਹ ਹੈ ਗੁਰੂ ਗਰੰਥ ਸਾਹਿਬ। ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿ ਮੈਂ ਸਿੱਖ ਹਾਂ ਸਗੋਂ ਇਸ ਲਈ ਕਹਿ ਰਿਹਾ ਹਾਂ ਕਿ ਸਭ ਧਰਮਾਂ ਦੇ ਗਰੰਥਾਂ ਵਾਂਗ ਗੁਰੂ ਗਰੰਥ ਸਾਹਿਬ ਵੀ ਅਮੁੱਲੇ ਵਿਚਾਰਾਂ, ਨਸੀਹਤਾਂ, ਅਤੇ ਜਿੰਦਗੀ ਜੀਵਣ ਦੇ ਅਸੂਲਾਂ ਨਾਲ ਭਰਿਆ ਪਿਆ ਹੈ। ਸਾਡਾ ਵਿਰਸਾ ਹੈ “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।” ਸਾਡਾ ਵਿਰਸਾ ਹੈ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।” ਸਾਡਾ ਵਿਰਸਾ ਹੈ “ਪਾਪਾ ਵਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।” ਸਾਡਾ ਵਿਰਸਾ ਹੈ “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।” ਸਾਡਾ ਵਿਰਸਾ ਹੈ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।” ਸਾਡਾ ਵਿਰਸਾ ਹੈ “ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।” ਸਾਡਾ ਵਿਰਸਾ ਹੈ “ਵੰਡ ਛਕਣਾ” ਅਤੇ “ਸਰਬੱਤ ਦਾ ਭਲਾ” ਮੰਗਣਾ। ਅਸੀਂ ਇਸ ਵਿਰਸੇ ਨੂੰ ਕਿੰਨਾ ਕੁ ਕਾਇਮ ਰੱਖ ਰਹੇ ਹਾਂ? ਇਸ ਬਾਰੇ ਸਾਨੂੰ ਸਭ ਨੂੰ ਹੀ ਪਤਾ ਹੈ।

ਸਾਡਾ ਵਿਰਸਾ ਹਨ ਉਹ ਗੁਰੂ ਜਿਨ੍ਹਾਂ ਨੇ ਬਿਨਾਂ ਕਿਸੇ ਧਾਰਮਿਕ ਪੱਖ-ਪਾਤ ਅਤੇ ਭੇਦ-ਭਾਵ ਦੇ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ ਅਤੇ ਇਕ ਮੁਸਲਮਾਨ ਪੀਰ ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ। ਸਾਡਾ ਵਿਰਸਾ ਹਨ ਉਹ ਗੁਰੁ ਜਿਨ੍ਹਾਂ ਨੇ ਬਿਨਾਂ ਕਿਸੇ ਭੇਦ ਭਾਵ ਦੇ ਸ੍ਰੀ ਗੁਰੁ ਗਰੰਥ ਸਾਹਿਬ ਵਿੱਚ ਹਿੰਦੂ ਅਤੇ ਮੁਸਲਮਾਨ ਭਗਤਾਂ ਅਤੇ ਦਰਵੇਸ਼ਾਂ ਦੀ ਬਾਣੀ ਸ਼ਾਮਲ ਕੀਤੀ। ਸਾਡਾ ਵਿਰਸਾ ਹਨ ਚਾਰ ਸਾਹਿਬਜ਼ਾਦੇ। ਸਾਡਾ ਵਿਰਸਾ ਹੈ ਗੁਰੂ ਤੇਗ ਬਹਾਦਰ ਦੀ ਸ਼ਹੀਦੀ। ਸਾਡਾ ਵਿਰਸਾ ਹੈ ਭਾਈ ਘਨਈਆ ਜੀ। ਸਾਡਾ ਵਿਰਸਾ ਹੈ ਜਲਿਆਂ ਵਾਲਾ ਬਾਗ। ਸਾਡਾ ਵਿਰਸਾ ਹੈ ਭਗਤ ਪੂਰਨ ਸਿੰਘ। ਸਾਡਾ ਵਿਰਸਾ ਹਨ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਅਤੇ ਕਰਤਾਰ ਸਿੰਘ ਸਰਾਭਾ। ਸਾਡਾ ਵਿਰਸਾ ਹੈ ਮਹਾਰਾਜਾ ਰਣਜੀਤ ਸਿੰਘ ਅਤੇ ਉਸਦਾ ਇਨਸਾਫ਼ ਪਸੰਦ ਰਾਜ ਜਿਸ ਵਿੱਚ ਸਭ ਧਰਮਾਂ ਦੇ ਲੋਕਾਂ ਨਾਲ ਇਕੋ ਜਿਹਾ ਵਿਵਹਾਰ ਕੀਤਾ ਜਾਂਦਾ ਸੀ। ਸਾਡਾ ਵਿਰਸਾ ਹਨ ਹਰੀ ਸਿੰਘ ਨਲੂਏ ਵਰਗੇ ਜਰਨੈਲ। ਕਾਸ਼ ਅਸੀਂ ਗੁਰਪੁਰਬ ਅਤੇ ਸ਼ਹੀਦਾਂ ਦੇ ਸ਼ਹੀਦੀ ਦਿਨ ਮਨਾਉਣ ਦੇ ਨਾਲ ਨਾਲ ਉਨ੍ਹਾਂ ਦੇ ਵਿਚਾਰਾਂ ਅਤੇ ਅਸੂਲਾਂ ਤੇ ਵੀ ਚੱਲ ਸਕੀਏ।

ਸਾਡਾ ਵਿਰਸਾ ਹੈ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਅਤੇ ਸੁਲਤਾਨ ਬਾਹੂ ਦਾ ਸੂਫ਼ੀ ਕਲਾਮ। ਬੁੱਲੇ ਸ਼ਾਹ ਅਤੇ ਸ਼ਾਹ ਹੁਸੈਨ ਦੇ ਕਲਾਮ ਵਰਗਾ ਸੂਫ਼ੀ ਸਾਹਿਤ ਸ਼ਾਇਦ ਮੁੜ ਕੇ ਕਦੇ ਵੀ ਨਾ ਰਚਿਆ ਜਾ ਸਕੇ। ਕੀ ਕਹਿਣੇ ਹਨ ਬੁੱਲ੍ਹੇ ਸ਼ਾਹ ਦੇ ਕਲਾਮ ਦੇ - ਬੁੱਲ੍ਹਾ ਕੀ ਜਾਣਾ ਮੈਂ ਕੌਣ; ਜਾਂ ਬਹੁੜੀਂ ਵੇ ਤਬੀਬਾ ਮੈਂਡੀ ਖਬਰ ਗਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ; ਜਾਂ ਬਸ ਕਰ ਜੀ ਹੁਣ ਬਸ ਕਰ ਜੀ, ਇਕ ਬਾਤ ਅਸਾਂ ਨਾਲ ਹੱਸ ਕਰ ਜੀ। ਸ਼ਾਹ ਹੁਸੈਨ ਦਾ ਕਲਾਮ ਤਾਂ ਮਸਤ ਕਰਨ ਵਾਲਾ ਹੈ - ਰੱਬਾ ਮੇਰੇ ਹਾਲ ਦਾ ਮਹਿਰਮੁ ਤੂੰ; ਜਾਂ ਚਰਖਾ ਮੇਰਾ ਰੰਗਲੜਾ ਰੰਗ ਲਾਲੁ; ਜਾਂ ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀਆਂ; ਜਾਂ ਇਕਿ ਦਿਨ ਤੈਨੂੰ ਸੁਪਨਾ ਥੀਸਨਿ; ਜਾਂ ਸੱਜਣ ਦੇ ਹਥ ਬਾਂਹਿ ਅਸਾਡੀ; ਜਾਂ ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ; ਜਾਂ ਘੁੰਮ ਚਰਖੜਿਆ ਵੇ ਤੇਰੀ ਕੱਤਣ ਵਾਲੀ ਜੀਵੇ; ਜਾਂ ਮੈਂ ਭੀ ਝੋਕ ਰਾਂਝਣ ਦੀ ਜਾਣਾ ਨਾਲਿ ਮੇਰੇ ਕੋਈ ਚੱਲੇ; ਜਾਂ ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ। ਇਹੋ ਜਿਹਾ ਖ਼ੂਬਸੂਰਤ ਇੰਨਾ ਪੁਰਾਣਾ ਕਲਾਮ ਕਿੰਨੀਆਂ ਕੁ ਜੁਬਾਨਾਂ ਵਿੱਚ ਮਿਲੇਗਾ?

ਸਾਡਾ ਵਿਰਸਾ ਹੈ ਹੀਰ-ਰਾਂਝੇ ਦਾ ਇਸ਼ਕ, ਸੋਹਣੀ ਦਾ ਝਨਾਂ ਵਿੱਚ ਡੁੱਬਣਾ, ਸੱਸੀ ਦਾ ਥਲਾਂ ਵਿੱਚ ਸੜ ਕੇ ਮਰ ਜਾਣਾ, ਮਿਰਜ਼ੇ ਦਾ ਸਾਹਿਬਾਂ ਦੇ ਭਰਾਵਾਂ ਹੱਥੋਂ ਮਾਰਿਆ ਜਾਣਾ। ਸਾਡਾ ਵਿਰਸਾ ਹੈ ਵਾਰਿਸ ਸ਼ਾਹ ਦੀ ਹੀਰ। ਜਿੰਨੀ ਵਾਰੀ ਮਰਜ਼ੀ ਇਸਨੂੰ ਪੜ੍ਹ ਲਓ ਤੁਸੀਂ ਕਦੇ ਨਹੀਂ ਅੱਕਦੇ। ਇੰਨੀ ਸੋਹਣੀ ਸ਼ਬਦਾਵਲੀ, ਇੰਨੀਆਂ ਯਥਾਰਥ ਭਰੀਆਂ ਗੱਲਾਂ ਇੰਨੇ ਸੌ ਸਾਲ ਪਹਿਲਾਂ ਲਿਖੀਆਂ ਕਿੰਨੀਆਂ ਕੁ ਜੁਬਾਨਾਂ ਵਿੱਚ ਮਿਲਣਗੀਆਂ? ਸਾਡਾ ਵਿਰਸਾ ਹੈ ਹਾਸ਼ਮ ਦੀ ਸੱਸੀ, ਪੀਲੂ ਦਾ ਮਿਰਜ਼ਾ-ਸਾਹਿਬਾਂ, ਕਾਦਰਯਾਰ ਦੀ ਸੋਹਣੀ, ਸ਼ਾਹ ਮੁਹੰਮਦ ਦੀਆਂ ਵਾਰਾਂ। “ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।” ਕਿੰਨੀਆਂ ਖ਼ੂਬਸੂਰਤ ਹਨ ਇਹ ਸਤਰਾਂ! ਜੇ ਪਿਛਲੇ ਕੁਝ ਦਹਾਕਿਆਂ ਦੇ ਪੰਜਾਬੀ ਸਾਹਿਤ ਵਲ ਝਾਤੀ ਮਾਰੀਏ ਤਾਂ ਸਾਡਾ ਵਿਰਸਾ ਹਨ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਣ ਸਿੰਘ, ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਸਿ਼ਵ ਕੁਮਾਰ, ਨੰਦ ਲਾਲ ਨੂਰਪੁਰੀ ਅਤੇ ਕਈ ਹੋਰ ਨਾਮਵਰ ਲੇਖਕ। ਅਸੀਂ ਇਸ ਸਾਹਿਤਕ ਵਿਰਸੇ ਨੂੰ ਕਿਵੇਂ ਸੰਭਾਲਣਾ ਹੈ, ਇਹ ਸਾਡੇ ਤੇ ਨਿਰਭਰ ਹੈ।

ਗੀਤ-ਸੰਗੀਤ ਦੇ ਖੇਤਰ ਵਿੱਚ ਸਾਡਾ ਵਿਰਸਾ ਹਨ ਸੁਰਿੰਦਰ ਕੌਰ-ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਯਮ੍ਹਲਾ, ਨੁਸਰਤ, ਸ਼ਮਸ਼ਾਦ ਬੇਗਮ, ਅਬੀਦਾ ਪ੍ਰਵੀਨ, ਅਤੇ ਹੋਰ ਬਹੁਤ ਸਾਰੇ ਗਾਇਕ। ਸਾਡਾ ਵਿਰਸਾ ਹਨ ਬੋਲੀਆਂ, ਸਿੱਠਣੀਆਂ, ਭੰਗੜਾ, ਗਿੱਧਾ, ਠੁਮਰੀ। ਸਾਨੂੰ ਵਿਰਸੇ ਵਿੱਚ ਮਿਲੇ ਹਨ ਪੰਜਾਬੀ ਮੇਲੇ ਅਤੇ ਤ੍ਰਿੰਜਣ। ਅਸੀਂ ਇਸ ਵਿਰਸੇ ਤੋਂ ਕੀ ਸਿੱਖਣਾ ਹੈ, ਇਸਨੂੰ ਅੱਗੇ ਕਿੱਥੇ ਲੈ ਕੇ ਜਾਣਾ ਹੈ, ਅਤੇ ਇਸਨੂੰ ਕਿਵੇਂ ਬਰਕਰਾਰ ਰੱਖਣਾ ਹੈ, ਇਹ ਸਭ ਸਾਨੂੰ ਹੀ ਸੋਚਣਾ ਪਵੇਗਾ।

ਸਾਡਾ ਵਿਰਸਾ ਸੀ ਸਚਾਈ, ਈਮਾਨਦਾਰੀ, ਦਸਾਂ ਨੌਹਾਂ ਦੀ ਕਿਰਤ ਕਰ ਕੇ ਖਾਣਾ, ਨਿਮਰਤਾ, ਦੂਜਿਆਂ ਦੀ ਮਦਦ ਕਰਨੀ, ਰੱਬ ਦਾ ਸ਼ੁਕਰ ਮਨਾਉਣਾ। ਪਰ ਇਹ ਸਭ ਹੌਲੀ ਹੌਲੀ ਖ਼ਤਮ ਹੋ ਰਿਹਾ ਹੈ। ਸਾਡਾ ਨਵਾਂ ਵਿਰਸਾ ਕੀ ਬਣ ਰਿਹਾ ਹੈ? ਪੰਜਾਬੀ ਭਵਿੱਖ ਦੀਆਂ ਪੀੜ੍ਹੀਆਂ ਲਈ ਅੱਜ ਕੱਲ ਅਸੀਂ ਕਿਹੜਾ ਵਿਰਸਾ ਛੱਡ ਰਹੇ ਹਨ? ਅੱਜ ਕੱਲ ਪੈਸਾ ਹੀ ਪ੍ਰਧਾਨ ਹੋ ਰਿਹਾ ਹੈ। ਪੈਸੇ ਦੀ ਮਹੱਤਤਾ ਨਾਲ ਪੈਸੇ ਨੂੰ ਗਲਤ ਤਰੀਕਿਆਂ ਨਾਲ ਕਮਾਉਣ ਦੇ ਤਰੀਕੇ ਸਾਡੇ ਪੰਜਾਬੀਆਂ ਦੇ ਭਵਿੱਖ ਦਾ ਵਿਰਸਾ ਬਣ ਰਹੇ ਹਨ। ਭਵਿੱਖ ਕੀ ਹੋਵੇਗਾ? ਕੋਈ ਪਤਾ ਨਹੀਂ।

*****
(5893)

ਪ੍ਰੇਮ ਮਾਨ
860-983-5002

***

_________________
"Dhann likhari nanka piyare ji sach likhe urdhar..."[You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.][You must be registered and logged in to see this image.]
[You must be registered and logged in to see this image.]
avatar
Admin
Admin
Admin

Posts : 1199
Reputation : 270
Join date : 25/04/2012
Age : 61
Location : new delhi

Back to top Go down

Back to top


 
Permissions in this forum:
You cannot reply to topics in this forum